ਅਮਰੀਕਾ ਦੇ ਟੈਕਸਾਸ ਹਿੱਲ ਕੰਟਰੀ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਕੁਝ ਘੰਟਿਆਂ ਵਿੱਚ ਮਹੀਨੇ ਭਰ ਦੀ ਬਾਰਿਸ਼ ਨੇ ਇਸ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ। ਇਸ ਆਫਤ ਨੇ 24 ਲੋਕਾਂ ਦੀ ਜਾਨ ਲੈ ਲਈ, ਜਦਕਿ 20 ਤੋਂ ਵੱਧ ਕੁੜੀਆਂ, ਜੋ ਗਰਮੀਆਂ ਦੀਆਂ ਛੁੱਟੀਆਂ ਦੇ ਕੈਂਪ ਵਿੱਚ ਸ਼ਾਮਲ ਹੋਣ ਆਈਆਂ ਸਨ, ਸ਼ੁੱਕਰਵਾਰ ਤੋਂ ਲਾਪਤਾ ਹਨ। ਬਚਾਅ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
ਭਾਰੀ ਮੀਂਹ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ, ਗੱਡੀਆਂ ਡੁੱਬ ਗਈਆਂ, ਅਤੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਵਿੱਚ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਕੇਰ ਕਾਊਂਟੀ ਵਿੱਚ ਰਾਤੋ-ਰਾਤ 25 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ, ਜਿਸ ਨੇ ਗੁਆਡਾਲੂਪ ਨਦੀ ਵਿੱਚ ਅਚਾਨਕ ਹੜ੍ਹ ਲਿਆਂਦਾ। ਸ਼ੁੱਕਰਵਾਰ ਦੇਰ ਰਾਤ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਰ ਕਾਊਂਟੀ ਸ਼ੈਰਿਫ ਲੈਰੀ ਲੀਥਾ ਨੇ ਦੱਸਿਆ ਕਿ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ, ਹੁਣ ਤੱਕ 237 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 167 ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ।
ਕਈ ਲੋਕ ਲਾਪਤਾ
ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਨੇ ਕਿਹਾ ਕਿ ਲਾਪਤਾ ਲੋਕਾਂ ਵਿੱਚ ਕੁਝ ਬਾਲਗ ਅਤੇ ਬੱਚੇ ਸ਼ਾਮਲ ਹਨ। ਬਚਾਅ ਟੀਮਾਂ ਨੇ ਦਰਜਨਾਂ ਲੋਕਾਂ ਨੂੰ ਬਚਾਇਆ ਅਤੇ ਲਾਪਤਾ ਵਿਅਕਤੀਆਂ ਦੀ ਖੋਜ ਜਾਰੀ ਹੈ। ਪੈਟਰਿਕ ਨੇ ਕਿਹਾ, “ਮੈਂ ਟੈਕਸਾਸ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ 20 ਲਾਪਤਾ ਕੁੜੀਆਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕਰਨ।” ਉਨ੍ਹਾਂ ਨੇ ਦੱਸਿਆ ਕਿ 400 ਲੋਕ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਹਨ, ਜਿਸ ਵਿੱਚ 9 ਬਚਾਅ ਟੀਮਾਂ, 14 ਹੈਲੀਕਾਪਟਰ ਅਤੇ 12 ਡਰੋਨ ਸ਼ਾਮਲ ਹਨ।