ਟੋਰਾਂਟੋ/ਵਾਸ਼ਿੰਗਟਨ— ਅਮਰੀਕਾ ਦੀ ਸਾਬਕਾ ਫਸਟ ਲੇਡੀ ਬਾਰਬਰਾ ਬੁਸ਼ ਦਾ ਮੰਗਲਵਾਰ ਨੂੰ 92 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਬੁਸ਼ ਪਰਿਵਾਰ ਨੇ ਮੀਡੀਆ ਨੂੰ ਦਿੱਤੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁਸ਼ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। ਟਰੂਡੋ ਨੇ ਟਵੀਟ ਕਰਕੇ ਬਾਰਬਰਾ ਬੁਸ਼ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਬਾਰਬਰਾ ਬੁਸ਼ ਹਮੇਸ਼ਾ ਕੈਨੇਡਾ ਦੀ ਚੰਗੀ ਦੋਸਤ ਰਹੀ ਹੈ ਅਤੇ ਆਪਣੇ ਪਿੱਛੇ ਉਹ ਮਾਣ, ਕਿਰਪਾ, ਸੇਵਾ ਅਤੇ ਸ਼ਰਧਾ ਦੀ ਇਕ ਵਿਰਾਸਤ ਛੱਡ ਕੇ ਗਈ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਸੋਫੀ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਸਾਰੇ ਅਮਰੀਕੀਆਂ ਨਾਲ ਆਪਣਾ ਦੁੱਖ ਸਾਂਝਾ ਕਰਦੇ ਹਨ। ਜਾਣਕਾਰੀ ਮੁਤਾਬਕ ਬਾਰਬਰਾ ਕਾਫੀ ਦਿਨਾਂ ਤੋਂ ਬੀਮਾਰ ਸੀ ਪਰ ਉਨ੍ਹਾਂ ਨੇ ਮੈਡੀਕਲ ਮਦਦ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਦੇ ਕਾਰਨ ਉਹ ਆਪਣਾ ਵਧੇਰੇ ਸਮਾਂ ਕਮਫਰਟ ਕੇਅਰ ‘ਚ ਬਤੀਤ ਕਰਦੀ ਸੀ। ਬਾਰਬਰਾ ਦੀ ਦੇਖਭਾਲ ਉਨ੍ਹਾਂ ਦੇ ਘਰ ‘ਚ ਹੀ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੁਸ਼ ਹਾਲ ਹੀ ਦੇ ਸਾਲਾਂ ਤੋਂ ਕਰੋਨਿਕ ਆਬਸਟ੍ਰੈਸਿਟਵ ਪਲਮੋਨਰੀ ਪੋਗ ਅਤੇ ਦਿਲ ਦੀ ਬੀਮਾਰੀ ਨਾਲ ਜੂਝ ਰਹੀ ਸੀ। ਦਿਹਾਂਤ ਤੋਂ ਪਹਿਲਾਂ ਬਾਰਬਰਾ ਨੂੰ ਕਈ ਵਾਰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਦੋ ਕੁ ਦਿਨਾਂ ਤੋਂ ਆਪਣੇ ਘਰ ‘ਚ ਹੀ ਸਨ। 
ਜ਼ਿਕਰਯੋਗ ਹੈ ਕਿ ਬਾਰਬਰਾ ਇਕੋ-ਇਕ ਅਜਿਹੀ ਔਰਤ ਸੀ, ਜਿਸ ਦੇ ਪਤੀ ਅਤੇ ਪੁੱਤ ਦੋਵੇਂ ਅਮਰੀਕਾ ‘ਚ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹੇ। ਬਾਰਬਰਾ ਬੁਸ਼ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਦੀ ਪਤਨੀ ਅਤੇ 43ਵੇਂ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਮਾਂ ਸੀ।