ਸੋਚੋ ਜੇਕਰ ਤੁਹਾਨੂੰ ਪਤਾ ਲੱਗੇ ਕਿ ਅਗਲੇ 90 ਦਿਨਾਂ ਤੱਕ ਤੁਹਾਡੇ ਘਰ ਦੀ ਬਿਜਲੀ ਬੰਦ ਰਹਿਣ ਵਾਲੀ ਹੈ… ਨਾ ਇੰਟਰਨੈੱਟ ਚੱਲੇਗਾ, ਨਾ ਬੈਂਕਿੰਗ ਸੇਵਾਵਾਂ ਅਤੇ ਨਾ ਹੀ ਰੋਜ਼ਾਨਾ ਦੇ ਜ਼ਰੂਰੀ ਕੰਮ ਆਸਾਨੀ ਨਾਲ ਹੋ ਸਕਣਗੇ… ਤਾਂ ਤੁਸੀਂ ਕੀ ਕਰੋਗੇ? ਸ਼ਾਇਦ ਸਭ ਤੋਂ ਪਹਿਲਾਂ ਘਰ ਵਿੱਚ ਰਾਸ਼ਨ, ਪਾਣੀ ਅਤੇ ਜ਼ਰੂਰੀ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿਓਗੇ। ਕੁਝ ਅਜਿਹਾ ਹੀ ਨਜ਼ਾਰਾ ਇਨ੍ਹੀਂ ਦਿਨੀਂ ਅਮਰੀਕਾ ਦੇ ਕਈ ਸਟੋਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਆਮ ਖਰੀਦਦਾਰੀ ਛੱਡ ਕੇ ਪਾਣੀ ਦੀਆਂ ਬੋਤਲਾਂ, ਚੌਲ, ਡੱਬਾਬੰਦ ਖਾਣਾ, ਪ੍ਰੋਪੇਨ ਗੈਸ ਅਤੇ ਜਨਰੇਟਰ ਤੱਕ ਖਰੀਦ ਰਹੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਬਰਾਹਟ ਪਿੱਛੇ ਕੋਈ ਤੂਫ਼ਾਨ ਜਾਂ ਕੁਦਰਤੀ ਆਫ਼ਤ ਨਹੀਂ, ਸਗੋਂ ਸੋਸ਼ਲ ਮੀਡੀਆ ‘ਤੇ ਫੈਲੀ ਇੱਕ ਅਫ਼ਵਾਹ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਅਗਲੇ 90 ਦਿਨਾਂ ਤੱਕ ਬਿਜਲੀ ਅਤੇ ਹੋਰ ਜ਼ਰੂਰੀ ਸੇਵਾਵਾਂ ਠੱਪ ਹੋ ਸਕਦੀਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਅਜਿਹੇ ਕਿਸੇ ਵੀ ਦਾਅਵੇ ਨੂੰ ਖਾਰਜ ਕੀਤਾ ਹੈ, ਪਰ ਲੋਕਾਂ ਵਿੱਚ ਫੈਲੇ ਡਰ ਦਾ ਅਸਰ ਹੁਣ ਬਾਜ਼ਾਰਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਵਾਲਮਾਰਟ, ਕੌਸਟਕੋ ਅਤੇ ਟਰੈਕਟਰ ਸਪਲਾਈ ਵਰਗੇ ਵੱਡੇ ਰਿਟੇਲ ਸਟੋਰਾਂ ‘ਤੇ ਐਮਰਜੈਂਸੀ ਸਾਮਾਨ ਦੀ ਮੰਗ ਵਿੱਚ ਤੇਜ਼ੀ ਆਈ ਹੈ।
ਵਾਲਮਾਰਟ ਮੁਤਾਬਕ ਪ੍ਰੋਪੇਨ ਗੈਸ, ਬੋਤਲਬੰਦ ਪਾਣੀ ਅਤੇ ਕੈਂਪਿੰਗ ਨਾਲ ਜੁੜੇ ਸਾਮਾਨ ਦੀ ਮੰਗ ਵਧੀ ਹੈ, ਜਦਕਿ ਕੌਸਟਕੋ ਵਿੱਚ ਚੌਲ, ਡੱਬਾਬੰਦ ਖਾਣੇ ਅਤੇ ਪਾਣੀ ਦੀ ਖਰੀਦਦਾਰੀ ਵਿੱਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਪਰ ਆਖ਼ਰ ਇਹ 90 ਦਿਨਾਂ ਦੇ ਬਲੈਕਆਊਟ ਵਾਲੀ ਅਫ਼ਵਾਹ ਸ਼ੁਰੂ ਕਿੱਥੋਂ ਹੋਈ?ਦਰਅਸਲ, ਇਸ ਦੀਆਂ ਜੜ੍ਹਾਂ ਅਮਰੀਕੀ ਰੱਖਿਆ ਵਿਭਾਗ ਵੱਲੋਂ ਸਤੰਬਰ ਦੇ ਅਖੀਰ ਵਿੱਚ ਜਾਰੀ ਕੀਤੇ ਗਏ ਇੱਕ ਨਿਰਦੇਸ਼ ਨਾਲ ਜੁੜੀਆਂ ਹਨ। ਇਹ ਨਿਰਦੇਸ਼ ਫ਼ੌਜੀ ਤਿਆਰੀਆਂ ਨਾਲ ਸਬੰਧਤ ਸੀ, ਪਰ ਸੋਸ਼ਲ ਮੀਡੀਆ ‘ਤੇ ਇਸ ਨੂੰ ਤੋੜ-ਮਰੋੜ ਕੇ 90 ਦਿਨਾਂ ਤੱਕ ਬਿਜਲੀ ਬੰਦ ਰਹਿਣ ਦੀ ਚਿਤਾਵਨੀ ਵਜੋਂ ਪੇਸ਼ ਕੀਤਾ ਜਾਣ ਲੱਗਾ। ਇਸ ਤੋਂ ਬਾਅਦ TikTok ‘ਤੇ ਕਈ ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ 17 ਨਵੰਬਰ ਤੋਂ ਪੂਰੇ ਅਮਰੀਕਾ ਦੀ ਬਿਜਲੀ ਪ੍ਰਣਾਲੀ ਠੱਪ ਹੋ ਜਾਵੇਗੀ। ਇੱਥੋਂ ਤੱਕ ਕਿ ਕੁਝ ਫਰਜ਼ੀ ਵੀਡੀਓਜ਼ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਅਜਿਹਾ ਐਲਾਨ ਕਰਦੇ ਦਿਖਾਇਆ ਗਿਆ। ਅਮਰੀਕੀ ਆਫ਼ਤ ਪ੍ਰਬੰਧਨ ਏਜੰਸੀ FEMA ਵੱਲੋਂ 17 ਨਵੰਬਰ ਨੂੰ ਦੇਸ਼ ਦੇ ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕੀਤੀ ਜਾਣੀ ਸੀ। ਇਹ ਕੋਈ ਨਵੀਂ ਗੱਲ ਨਹੀਂ, ਸਗੋਂ ਹਰ ਤਿੰਨ ਸਾਲਾਂ ਵਿੱਚ ਹੋਣ ਵਾਲੀ ਇੱਕ ਨਿਯਮਤ ਪ੍ਰਕਿਰਿਆ ਹੈ। ਪਰ ਸੋਸ਼ਲ ਮੀਡੀਆ ‘ਤੇ ਇਸ ਟੈਸਟ ਨੂੰ ਵੀ 90 ਦਿਨਾਂ ਦੇ ਬਲੈਕਆਊਟ ਨਾਲ ਜੋੜ ਦਿੱਤਾ ਗਿਆ। ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਭਰ ਵਿੱਚ 90 ਦਿਨਾਂ ਤੱਕ ਬਿਜਲੀ ਬੰਦ ਰਹਿਣ ਦੀ ਕੋਈ ਅਧਿਕਾਰਤ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਕੁਝ ਅਸਲ ਤਕਨੀਕੀ ਗੜਬੜੀਆਂ ਨੇ ਵੀ ਲੋਕਾਂ ਦੇ ਡਰ ਨੂੰ ਵਧਾਉਣ ਦਾ ਕੰਮ ਕੀਤਾ।
ਹਾਲ ਹੀ ਵਿੱਚ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ, ਹਵਾਈ ਆਵਾਜਾਈ ਦੇ ਸੰਚਾਰ ਸਿਸਟਮ ਵਿੱਚ ਦਿੱਕਤ ਆਈ, ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਐਪਲ ਦੇ ਸਾਫ਼ਟਵੇਅਰ ਅਪਡੇਟ ਵਿੱਚ ਵੀ ਸਮੱਸਿਆ ਸਾਹਮਣੇ ਆਈ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਇੱਕ ਅੰਦਰੂਨੀ ਸੰਚਾਰ ਨੈੱਟਵਰਕ ਵਿੱਚ ਵੀ ਰੁਕਾਵਟ ਦਰਜ ਕੀਤੀ ਗਈ। ਇਨ੍ਹਾਂ ਘਟਨਾਵਾਂ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੱਡੇ ਸੰਕਟ ਨਾਲ ਜੋੜਿਆ ਜਾਣ ਲੱਗਾ, ਜਦਕਿ ਅਧਿਕਾਰੀਆਂ ਮੁਤਾਬਕ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਆਪਸ ਵਿੱਚ ਜੁੜੇ ਹੋਣ ਜਾਂ ਕਿਸੇ ਵੱਡੇ ਸਾਈਬਰ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ।ਇਸੇ ਦੌਰਾਨ ਬ੍ਰਿਟੇਨ, ਜਾਪਾਨ, ਜਰਮਨੀ ਅਤੇ ਨਾਰਵੇ ਵਰਗੇ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਸੰਭਾਵੀ ਐਮਰਜੈਂਸੀ ਲਈ ਤਿਆਰ ਰਹਿਣ ਅਤੇ ਘਰਾਂ ਵਿੱਚ ਜ਼ਰੂਰੀ ਸਾਮਾਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਇਨ੍ਹਾਂ ਜਾਗਰੂਕਤਾ ਮੁਹਿੰਮਾਂ ਨੂੰ ਵੀ ਅਮਰੀਕਾ ਵਿੱਚ ਹੋਣ ਵਾਲੇ ਬਲੈਕਆਊਟ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਸੋ ਕੁੱਲ ਮਿਲਾ ਕੇ ਅਮਰੀਕਾ ਵਿੱਚ 90 ਦਿਨਾਂ ਦੇ ਬਲੈਕਆਊਟ ਦੀ ਕੋਈ ਪੁਸ਼ਟੀ ਨਹੀਂ ਹੈ, ਪਰ ਸੋਸ਼ਲ ਮੀਡੀਆ ‘ਤੇ ਫੈਲੀਆਂ ਅਫ਼ਵਾਹਾਂ ਨੇ ਲੋਕਾਂ ਵਿੱਚ ਅਜਿਹਾ ਡਰ ਪੈਦਾ ਕਰ ਦਿੱਤਾ ਹੈ ਕਿ ਹੁਣ ਲੋਕ ਬਿਜਲੀ ਜਾਣ ਤੋਂ ਪਹਿਲਾਂ ਹੀ ਘਰਾਂ ਵਿੱਚ ਰਾਸ਼ਨ ਭਰਨ ਲੱਗ ਪਏ ਹਨ। ਇਹ ਮਾਮਲਾ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੀ ਹਰ ਖ਼ਬਰ ਸੱਚ ਨਹੀਂ ਹੁੰਦੀ। ਇਸ ਲਈ ਕਿਸੇ ਵੀ ਅਜਿਹੀ ਚਿਤਾਵਨੀ ‘ਤੇ ਯਕੀਨ ਕਰਨ ਤੋਂ ਪਹਿਲਾਂ ਉਸ ਦੀ ਅਧਿਕਾਰਤ ਪੁਸ਼ਟੀ ਜ਼ਰੂਰ ਕਰਨੀ ਚਾਹੀਦੀ ਹੈ।
