ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ 1 ਜਨਵਰੀ ਨੂੰ ਨਵਾਂ ਸਾਲ ਮਨਾ ਰਹੇ ਲੋਕਾਂ ਨੂੰ ਇੱਕ ਟਰੱਕ ਨੇ ਕੁਚਲ ਦਿੱਤਾ। ਜਿਸ ਵਿੱਚ 15 ਲੋਕਾਂ ਦੀ ਮੌ.ਤ ਹੋ ਗਈ ਹੈ। ਜਦੋਂਕਿ ਦਰਜਨਾਂ ਲੋਕ ਜ਼ਖਮੀ ਹੋਏ ਹਨ ਅਤੇ ਹਸਪਤਾਲ ‘ਚ ਇਲਾਜ ਅਧੀਨ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ 3.15 ਵਜੇ ਵਾਪਰਿਆ ਹੈ।

ਨਿਊ ਓਰਲੀਨਜ਼ ਦੀ ਬੋਰਬਨ ਸਟਰੀਟ ‘ਤੇ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਉਦੋਂ ਹੀ ਇੱਕ ਟਰੱਕ ਲੋਕਾਂ ਨੂੰ ਲਤਾੜਦਾ ਹੋਇਆ ਅੱਗੇ ਵਧਿਆ। ਇਸ ਤੋਂ ਬਾਅਦ ਵਿਅਕਤੀ ਹੇਠਾਂ ਉਤਰ ਗਿਆ ਅਤੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਹਮਲਾਵਰ ਮਾਰਿਆ ਗਿਆ ਹੈ। ਹਾਲਾਂਕਿ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।

ਹਮਲਾਵਰ ਦੀ ਪਛਾਣ ਸ਼ਮਸੂਦੀਨ ਜੱਬਾਰ (42) ਵਜੋਂ ਹੋਈ ਹੈ। ਜਾਂਚ ਏਜੰਸੀਆਂ ਨੇ ਦੱਸਿਆ ਕਿ ਜੱਬਾਰ ਟੈਕਸਾਸ ਰਾਜ ਦਾ ਰਹਿਣ ਵਾਲਾ ਸੀ ਅਤੇ 2007 ਤੋਂ 2020 ਤੱਕ ਅਮਰੀਕੀ ਫੌਜ ਵਿੱਚ ਸੇਵਾ ਨਿਭਾ ਚੁੱਕਾ ਸੀ। ਫੌਜ ਨੇ ਉਸ ਨੂੰ ਅਫਗਾਨਿਸਤਾਨ ਵਿੱਚ ਵੀ ਤਾਇਨਾਤ ਕੀਤਾ ਸੀ।