ਅਮਰੀਕਾ ਦੇ ਕਈ ਇਲਾਕਿਆਂ ‘ਚ ਠੰਡ ਦਾ ਕਹਿਰ ਜਾਰੀ ਹੈ। ਉੱਤਰੀ ਕੈਰੋਲੀਨਾ ਅਤੇ ਵਰਜੀਨੀਆ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਤੂਫਾਨ ਆਇਆ, ਜਿਸ ਨਾਲ ਭਾਰੀ ਬਰਫਬਾਰੀ ਹੋਈ। ਬਰਫਬਾਰੀ ਕਾਰਨ ਸੜਕਾਂ ‘ਤੇ ਸੈਂਕੜੇ ਹਾਦਸੇ ਵਾਪਰੇ ਹਨ। ਫਿਲਹਾਲ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਟੇਨੇਸੀ ਅਤੇ ਓਹੀਓ ਵਿੱਚ ਪਹਿਲਾਂ ਹੀ ਠੰਢ ਦਾ ਕਹਿਰ ਜਾਰੀ ਹੈ। ਜ਼ਿਕਰਯੋਗ ਹੈ ਕਿ ਟੈਨੇਸੀ ਅਤੇ ਓਹੀਓ ਪਹਿਲਾਂ ਹੀ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ, ਹੁਣ ਠੰਢ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ।

ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ ਭਵਿੱਖਬਾਣੀ ਕੀਤੀ ਹੈ ਕਿ ਵੀਰਵਾਰ ਨੂੰ ਵਰਜੀਨੀਆ ਤੋਂ ਐਟਲਾਂਟਿਕ ਤੱਟ ਤੱਕ 25 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪੂਰਬੀ ਉੱਤਰੀ ਕੈਰੋਲੀਨਾ ਵਿੱਚ ਵੀ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਵਰਜੀਨੀਆ ਅਤੇ ਉੱਤਰੀ-ਪੂਰਬੀ ਕੈਰੋਲੀਨਾ ਦੇ ਹੈਂਪਟਨ ਰੋਡਜ਼ ਖੇਤਰ ਵਿੱਚ ਪੰਜ ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਰਫ਼ਬਾਰੀ ਹੋਈ। ਵੀਰਵਾਰ ਸਵੇਰੇ ਹੋਰ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਵਰਜੀਨੀਆ ਸਟੇਟ ਪੁਲਿਸ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਤੱਕ 275 ਹਾਦਸੇ ਹੋਏ ਹਨ, ਜਿਸ ਵਿੱਚ ਘੱਟੋ-ਘੱਟ ਦੋ ਦਰਜਨ ਲੋਕ ਜ਼ਖਮੀ ਹੋਏ ਹਨ। ਉੱਤਰੀ ਕੈਰੋਲੀਨਾ ਦੇ ਕੁਝ ਹਿੱਸਿਆਂ ਨੂੰ ਵੀ ਹਾਦਸਿਆਂ ਕਾਰਨ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਲਗਭਗ 5,600 ਉਡਾਣਾਂ ਨੂੰ ਅਮਰੀਕਾ ਭਰ ਵਿੱਚ ਰੱਦ ਜਾਂ ਦੇਰੀ ਨਾਲ ਚਲਾਈਆਂ ਗਈਆਂ ਸਨ। ਇਹਨਾਂ ਵਿੱਚ ਉੱਤਰੀ ਕੈਰੋਲੀਨਾ ਵਿੱਚ ਸ਼ਾਰਲੋਟ ਡਗਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਤੇ ਆਉਣ ਵਾਲੀਆਂ 400 ਤੋਂ ਵੱਧ ਉਡਾਣਾਂ ਸ਼ਾਮਿਲ ਹਨ।