ਸ੍ਰੀ ਮੁਕਤਸਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਹੈ ਕਿ ਉਹ ਆਈਐੱਸਆਈ ਦੇ ਬੰਦਿਆਂ ਨੂੰ ਸ਼ਹਿ ਦੇ ਕੇ ਪੰਜਾਬ ਦਾ ਸਿਆਸੀ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਤ ਦਾਦੂਵਾਲ ਤੇ ਧਿਆਨ ਸਿੰਘ ਮੰਡ, ਆਈਐੱਸਆਈ ਦੇ ਏਜੰਟ ਹਨ, ਜੋ ਰਾਜ ਦਾ ਮਾਹੌਲ ਖ਼ਰਾਬ ਕਰਨ ’ਤੇ ਲੱਗੇ ਹੋਏ ਹਨ। ਸ੍ਰੀ ਬਾਦਲ ਅੱਜ ਪਿੰਡ ਭੁੱਲਰ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਜ਼ੋਨ ਕਾਉਣੀ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜਗਵੀਰ ਸਿੰਘ ਭੁੱਲਰ ਦੇ ਨਾਮ ਦਾ ਐਲਾਨ ਕਰਨ ਲਈ ਆਏ ਸਨ। ਸ੍ਰੀ ਬਾਦਲ ਬੀਤੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਅਕਾਲੀ ਦਲ ਦਾ ਪੁਤਲਾ ਫੂਕ ਮੁਹਿੰਮ ਤੋਂ ਸਖ਼ਤ ਖਫ਼ਾ ਸਨ। ਉਨ੍ਹਾਂ ਕਾਂਗਰਸੀਆਂ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਤਿੰਨ ਸਾਲ ਤੋਂ ਬਾਅਦ ਕਾਂਗਰਸ ਦਾ ਰਾਜ ਖਤਮ ਹੋ ਜਾਵੇਗਾ। ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਨੂੰ ਵੰਗਾਰਦੇ ਹੋਏ ਕਿਹਾ ਕਿ ਉਨ੍ਹਾਂ ਉਸ ਦੇ ਇਲਾਕੇ ਵਿੱਚ ਹੀ 9 ਸਤੰਬਰ ਨੂੰ ਰੈਲੀ ਰੱਖੀ ਹੋਈ ਹੈ, ਜਿਸ ਦੌਰਾਨ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ‘ਚ ਪਹੁੰਚ ਕੇ ਕਾਂਗਰਸ ਦਾ ਗਰੂਰ ਤੋੜਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਹੋਰ ਹਾਜ਼ਰ ਸਨ।