ਕਾਬੁਲ, 9 ਅਕਤੂਬਰ

ਉਤਰੀ ਅਫ਼ਗਾਨਿਸਤਾਨ ਵਿੱਚ ਸ਼ੁੱਕਰਵਾਰ ਨੂੰ ਮਸਜਿਦ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ 46 ਵਿਅਕਤੀਆਂ ਦੀ ਮੌਤ ਹੋ ਗਈ ਅਤੇ 140 ਫੱਟੜ ਹੋ ਗਏ। ਇਹ ਧਮਾਕਾ ਕੁੰਡੂਜ਼ ਸੂਬੇ ਦੀ ਮਸਜਿਦ ਵਿੱਚ ਉਦੋਂ ਹੋਇਆ, ਜਦੋਂ ਜੁੰਮੇ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਧਮਾਕੇ ਦੀ ਜ਼ਿੰਮੇਵਾਰੀ ਫਿਲਹਾਲ ਅਜੇ ਕਿਸੇ ਨੇ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ ਨਾਲ ਸਬੰਧਤ ਸਥਾਨਕ ਜਥੇਬੰਦੀ ਖੁਰਾਸਾਨ ਲੰਬੇ ਸਮੇਂ ਤੋਂ ਅਫ਼ਗਾਨਿਸਤਾਨ ਦੀ ਘੱਟ ਗਿਣਤੀ ਸ਼ੀਆ ’ਤੇ ਹਮਲੇ ਕਰਦੀ ਆ ਰਹੀ ਹੈ। ਕੁੰਡੂਜ਼ ਸੂਬੇ ਦੇ ਡਿਪਟੀ ਪੁਲੀਸ ਮੁਖੀ ਦੋਸਤ ਮੁਹੰਮਦ ਓਬਾਇਦਾ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ। ਧਮਾਕਾ ਆਤਮਘਾਤੀ ਬੰਬਾਰ ਵੱਲੋਂ ਕੀਤਾ ਜਾਪਦਾ ਹੈ ਜੋ ਮਜਸਿਦ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਦੇ ਵਿੱਚ ਜਾ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ,‘ਮੈਂ ਆਪਣੇ ਸ਼ੀਆ ਭਰਾਵਾਂ ਨੂੰ ਭਰੋਸਾ ਦਿੰਦਾ ਹਾਂ ਕਿ ਤਾਲਿਬਾਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤਿਆਰ ਹੈ।’ ਉਨ੍ਹਾਂ ਕਿਹਾ ਕਿ ਇਸ ਧਮਾਕੇ ਦੀ ਤਫਤੀਸ਼ ਜਾਰੀ ਹੈ।

ਚਸ਼ਮਦੀਦ ਅਲੀ ਰਜ਼ਾ ਨੇ ਦੱਸਿਆ ਕਿ ਜਦੋਂ ਗੋਜ਼ਰ-ੲੇ-ਸਈਅਦ ਅਬਾਦ ਮਸਜਿਦ ਵਿੱਚ ਜੁੰਮੇ ਦੀ ਨਮਾਜ਼ ਅਦਾ ਕਰਨ ਵੇਲੇ ਇਹ ਧਮਾਕਾ ਹੋਇਆ ਜਿਸ ਵਿੱਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਮਸਜਿਦ ਦੀਆਂ ਪੌੜੀਆਂ ਖ਼ੂਨ ਨਾਲ ਢਕੀਆਂ ਹੋਈਆਂ ਸਨ।