ਵਾਸ਼ਿੰਗਟਨ/ਟੋਰਾਂਟੋ— ਕੈਨੇਡੀਅਨ ਜੋਸ਼ੂ ਬੋਇਲ ਤੇ ਉਸ ਦੀ ਅਮਰੀਕਨ ਪਤਨੀ ਸਮੇਤ ਤਿੰਨ ਛੋਟੇ ਬੱਚਿਆਂ ਨੂੰ ਤਾਲਿਬਾਨ ਦੇ ਇਕ ਨੈੱਟਵਰਕ ਵਲੋਂ ਕੈਦ ਕੀਤੇ ਜਾਣ ਤੋਂ ਪੰਜ ਸਾਲ ਬਾਅਦ ਰਿਹਾ ਕਰਵਾ ਲਿਆ ਗਿਆ ਹੈ। ਬੋਇਲ ਦੇ ਪਿਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਬੋਇਲ ਦੇ ਪਿਤਾ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਜੋਸ਼ੂ ਆਪਣੇ ਪਰਿਵਾਰ ਸਮੇਤ ਰਿਹਾਅ ਹੋ ਗਿਆ ਹੈ। ਜੋਸ਼ੂ ਬੋਇਲ ਤੇ ਉਸ ਦੀ ਪਤਨੀ ਕੈਟਾਲਨ ਕੋਲਮੈਨ ਨੂੰ ਪੰਜ ਸਾਲ ਪਹਿਲਾਂ ਹੱਕਾਨੀ ਨੈੱਟਵਰਕ ਵਲੋਂ ਅਗਵਾ ਕੀਤਾ ਗਿਆ ਸੀ, ਜਦੋਂ ਉਹ ਅਫਗਾਨਿਸਤਾਨ ਦੀ ਯਾਤਰਾ ਕਰ ਰਹੇ ਸਨ। ਉਹ ਇਨ੍ਹਾਂ ਪੰਜ ਸਾਲਾਂ ਦੌਰਾਨ ਪਰਥ ਐਂਡੋਵਰ ‘ਚ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਜੋੜੇ ਨੂੰ ਅਗਵਾ ਕੀਤਾ ਗਿਆ ਸੀ ਤਾਂ ਉਸ ਵੇਲੇ ਕੋਲਮੈਨ ਗਰਭਵਤੀ ਸੀ ਤੇ ਇਸ ਵੇਲੇ ਉਨ੍ਹਾਂ ਦੇ ਤਿੰਨ ਬੱਚੇ ਹਨ, ਦੋ ਬੇਟੇ ਤੇ ਇਕ ਬੇਟੀ।
ਵੀਰਵਾਰ ਸਵੇਰ ਐਸੋਸੀਏਟਡ ਪ੍ਰੈਸ ਨੇ ਇਕ ਰਿਪੋਰਟ ਦਿੱਤੀ ਕਿ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋੜੇ ਦੀ ਰਿਹਾਈ ਪ੍ਰਾਪਤ ਕਰ ਲਈ ਹੈ। ਹਾਲਾਂਕਿ ਪਰਿਵਾਰ ਦੀ ਵਰਤਮਾਨ ਸਥਿਤੀ ਅਜੇ ਅਸਪੱਸ਼ਟ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਅਜੇ ਇਹ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਇਸ ਪਰਿਵਾਰ ਦੀ ਵਾਪਸੀ ਕਦੋਂ ਹੋਵੇਗੀ। ਇਸ ਤੋਂ ਇਲਾਵਾ ਟਰੰਪ ਨੇ ਵੀ ਆਪਣੇ ਇਕ ਬਿਆਨ ‘ਚ ਕਿਹਾ ਕਿ ਉਸ ਪਰਿਵਾਰ ਨੂੰ ਰਿਹਾਅ ਕਰਾ ਲਿਆ ਗਿਆ ਹੈ। ਇਹ ਪਾਕਿਸਤਾਨ ਨਾਲ ਸਾਡੇ ਦੇਸ਼ ਦੇ ਸਬੰਧਾਂ ਲਈ ਸਾਕਾਰਾਤਮਕ ਪਲ ਹੈ।