ਮੁੰਬਈ:ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਆਖ਼ਰ 30 ਅਪਰੈਲ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਰੋਹਿਤ ਸ਼ੈਟੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਬਾਰੇ ਅੱਜ ਇੱਥੇ ਐਲਾਨ ਕਰਦਿਆਂ ਨਿਰਮਾਤਾ ਨੇ ਦੱਸਿਆ ਕਿ ਪਹਿਲਾਂ ਇਹ ਫਿਲਮ ਪਿਛਲੇ ਸਾਲ 24 ਮਾਰਚ ਨੂੰ ਰਿਲੀਜ਼ ਹੋਣੀ ਸੀ ਪਰ ਕਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਰਕੇ ਉਦੋਂ ਫਿਲਮ ਰਿਲੀਜ਼ ਨਹੀਂ ਹੋ ਸਕੀ ਸੀ। ਅਕਸ਼ੈ ਕੁਮਾਰ ਨੇ ਅੱਜ ਆਪਣੇ ਟਵਿੱਟਰ ਅਕਾਊਂਟ ’ਤੇ ਵੀਡੀਓ ਸਾਂਝੀ ਕਰਦਿਆਂ ਫਿਲਮ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਕੀਤਾ। ਕੁਮਾਰ ਨੇ ਵੀਡੀਓ ਦੇ ਨਾਲ ਕੈਪਸ਼ਨ ’ਚ ਲਿਖਿਆ, ‘‘ਅਸੀਂ ਤੁਹਾਡੇ ਨਾਲ ਸਿਨੇਮਾ ਘਰਾਂ ਦੇ ਤਜਰਬੇ ਦਾ ਵਾਅਦਾ ਕੀਤਾ ਸੀ ਅਤੇ ਹੁਣ ਤੁਸੀਂ ਇਸ ਨੂੰ ਮਾਣੋਗੇ। ਆਖ਼ਰ ਉਡੀਕ ਖ਼ਤਮ ਹੋਈ! ਆ ਰਹੀ ਹੈ ਪੁਲੀਸ… #ਸੂਰਿਆਵੰਸ਼ੀ 30 ਅਪਰੈਲ, 2021 ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ।’’ ਇਸ ਫਿਲਮ ਦਾ ਟਰੇਲਰ ਪਿਛਲੇ ਸਾਲ 2 ਮਾਰਚ ਨੂੰ ਰਿਲੀਜ਼ ਹੋਇਆ ਸੀ। ਫਿਲਮ ‘ਸੂਰਿਆਵੰਸ਼ੀ’ ਵਿੱਚ ਅਕਸ਼ੈ ਕੁਮਾਰ ਦੇ ਨਾਲ ਕੈਟਰੀਨਾ ਕੈਫ, ਰਣਵੀਰ ਸਿੰਘ, ਅਜੈ ਦੇਵਗਨ ਅਤੇ ਕਰਨ ਜੌਹਰ ਵੀ ਦਿਖਾਈ ਦੇਣਗੇ। ਟਵੀਟ ਕੀਤੀ ਵੀਡੀਓ ਵਿੱਚ ਲਿਖਤੀ ਤੌਰ ’ਤੇ ਦੱਸਿਆ ਗਿਆ, ‘‘ਪਰ ਅਸੀਂ ਦਰਸ਼ਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਹੀ ਸਮਾਂ ਹੋਇਆ ‘ਸੂਰਿਆਵੰਸ਼ੀ’ ਸਿਨੇਮਾ ਘਰਾਂ ’ਚ ਲੱਗੇਗੀ। ਅਸੀਂ ਜਾਣਦੇ ਹਾਂ ਕਿ ਇਸ ਨੂੰ ਇੱਕ ਸਾਲ ਹੋ ਗਿਆ ਪਰ ਵਾਅਦਾ ਤਾਂ ਵਾਅਦਾ ਹੈ… ਅਤੇ ਅੰਦਾਜ਼ਾ ਲਾਓ… ਆਖ਼ਰ ਉਡੀਕ ਖ਼ਤਮ ਹੋਈ। ਆ ਰਹੀ ਹੈ ਪੁਲੀਸ…।’’ ਰੋਹਿਤ ਸ਼ੈਟੀ ਦੀ ਪੁਲੀਸ ਨਾਲ ਸਬੰਧਤ ਇਹ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਅਜੈ ਦੇਵਗਨ ਨਾਲ ‘ਸਿੰਘਮ’, ‘ਸਿੰਘਮ ਰਿਟਰਨਜ਼’ ਅਤੇ ਰਣਵੀਰ ਸਿੰਘ ਨਾਲ ‘ਸਿੰਬਾ’ ਬਣਾ ਚੁੱਕੇ ਹਨ। ਰਿਲਾਇੰਸ ਐਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਫਿਲਮ ਸੂਰਿਆਵੰਸ਼ੀ ਨੂੰ ਰੋਹਿਤ ਸ਼ੈਟੀ ਨੇ ਡਰਾਮਾ ਪ੍ਰੋਡਕਸ਼ਨਜ਼ ਅਤੇ ਕੇਪ ਆਫ ਗੁੱਡ ਫ਼ਿਲਮਜ਼ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ।