ਨਵੀਂ ਦਿੱਲੀ, 23 ਨਵੰਬਰ
ਦੇਸ਼ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੀਆਂ ਚਾਰ ਵਿਸ਼ੇਸ਼ ਬੈਂਚਾਂ ਵੱਲੋਂ ਅਗਲੇ ਹਫ਼ਤੇ ਤੋਂ ਅਪਰਾਧਕ ਅਪੀਲਾਂ, ਸਿੱਧੇ ਤੇ ਅਸਿੱਧੇ ਟੈਕਸਾਂ ਤੇ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ਅਤੇ ਵਾਹਨ ਹਾਦਸਿਆਂ ਦੇ ਦਾਅਵਿਆਂ ਸਬੰਧੀ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੀ ਇੱਕ ਬੈਂਚ ਨੇ ਅਦਾਲਤ ਨੰਬਰ ਇੱਕ ਵਿੱਚ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋਣ ਮੌਕੇ ਵਿਸ਼ੇਸ਼ ਬੈਂਚਾਂ ਦੇ ਗਠਨ ਬਾਰੇ ਜਾਣਕਾਰੀ ਦਿੱਤੀ। ਉਸ ਸਮੇਂ ਵਕੀਲ ਆਪੋ-ਆਪਣੇ ਕੇਸਾਂ ਨੂੰ ਫੌਰੀ ਸੂਚੀਬੱਧ ਕਰਵਾਉਣ ਲਈ ਖੜ੍ਹੇ ਸਨ। ਬੈਂਚ ਵਿੱਚ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਵੀ ਸ਼ਾਮਲ ਸਨ। ਚੀਫ ਜਸਟਿਸ ਚੰਦਰਚੂੜ ਨੇ ਕਿਹਾ, ‘‘ਅਗਲੇ ਹਫ਼ਤੇ ਤੋਂ ਅਪਰਾਧਕ ਅਪੀਲਾਂ, ਸਿੱਧੇ ਤੇ ਅਸਿੱਧੇ ਟੈਕਸ ਦੇ ਮਾਮਲਿਆਂ, ਜ਼ਮੀਨ ਐਕੁਆਇਰ ਮਾਮਲਿਆਂ ਅਤੇ ਮੋਟਰ ਹਾਦਸਿਆਂ ਦੇ ਦਾਅਵਿਆਂ ਸਬੰਧੀ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਬੈਂਚਾਂ ਹੋਣਗੀਆਂ।’’