ਸ੍ਰੀਨਗਰ, 16 ਸਤੰਬਰ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਾੜੀ ਅਤੇ ਜੰਗਲੀ ਖੇਤਰ ’ਚ ਲੁਕੇ ਅਤਿਵਾਦੀਆਂ ਖ਼ਿਲਾਫ਼ ਅੱਜ ਤੀਜੇ ਦਿਨ ਵੀ ਕਾਰਵਾਈ ਜਾਰੀ ਰਹੀ। ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਡਰੋਨਾਂ ਦੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ। ਉਧਰ ਹਮਲੇ ’ਚ ਜ਼ਖ਼ਮੀ ਹੋਏ ਇਕ ਹੋਰ ਜਵਾਨ ਨੇ ਦਮ ਤੋੜ ਦਿੱਤਾ ਹੈ। ਉਹ ਵੀਰਵਾਰ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅਨੰਤਨਾਗ ਹਮਲੇ ’ਚ ਇਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਡਰੋਨ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਉਸ ਖੇਤਰ ’ਤੇ ਮੋਰਟਾਰ ਦੇ ਗੋਲੇ ਦਾਗੇ ਜਿੱਥੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਤਿਵਾਦੀ ਲੁਕੇ ਹੋਏ ਹਨ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ। ਇਲਾਕੇ ’ਚ ਲਗਾਤਾਰ ਗੋਲੀਆਂ ਚਲਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਸੁਰੱਖਿਆ ਬਲਾਂ ਨੂੰ 2-3 ਅਤਿਵਾਦੀਆਂ ਦੇ ਜੰਗਲ ਅੰਦਰ ਕਿਸੇ ਗੁਫ਼ਾ ’ਚ ਛਿਪੇ ਹੋਣ ਦਾ ਸ਼ੱਕ ਹੈ। ਕੋਕਰਨਾਗ ਇਲਾਕੇ ਦੇ ਗਡੋਲੇ ’ਚ ਬੁੱਧਵਾਰ ਨੂੰ ਅਤਿਵਾਦੀਆਂ ਦੇ ਹਮਲੇ ਦੌਰਾਨ 19 ਰਾਸ਼ਟਰੀ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨੈਕ, ਜੰਮੂ ਕਸ਼ਮੀਰ ਪੁਲੀਸ ਦੇ ਡੀਐੱਸਪੀ ਹਮਾਯੂੰ ਭੱਟ ਅਤੇ ਇਕ ਜਵਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ ਬਾਰਾਮੂਲਾ ਜ਼ਿਲ੍ਹੇ ’ਚ ਲਸ਼ਕਰ-ਏ-ਤੋਇਬਾ ਦੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਕੇ ਅਤਿਵਾਦੀਆਂ ਦੇ ਦੋ ਸਹਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਹੋਇਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤੀ ਜਥੇਬੰਦੀ ਦੇ ਦੋ ਸਹਾਇਕਾਂ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ’ਚ ਉੜੀ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਹਿਸ਼ਤਗਰਦਾਂ ਕੋਲੋਂ ਦੋ ਪਸਤੌਲਾਂ ਤੇ ਪੰਜ ਹੱਥ ਗੋਲਿਆਂ ਸਮੇਤ ਹੋਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਖ਼ਿਲਾਫ਼ ਯੂਏ(ਪੀ) ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ/ਏਐੱਨਆਈਕੋਕਰਨਾਗ ਵਿੱਚ ਮੁਕਾਬਲੇ ਵਾਲੀ ਜਗ੍ਹਾ ’ਤੇ ਮੋਰਚਾ ਸੰਭਾਲਦੇ ਹੋਏ ਜਵਾਨ।