ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਗੁਰਦਾਸਪੁਰ ਡਿਵੀਜਨਲ ਕਮਿਸ਼ਨਰ, ਇੰਸਪੈਕਟਰ ਜਨਰਲ ਆਫ ਪੁਲੀਸ ਬਾਰਡਰ ਰੇਂਜ, ਡੀਸੀ ਅਤੇ ਐਸਐਸਪੀ ਨੂੰ ਨੋਟਿਸ ਜਾਰੀ

ਚੰਡੀਗੜ, 25 ਸਤੰਬਰ ( )- ਬਟਾਲਾ ਦੇ ਪਿੰਡ ਮਸਾਨਿਆ ਵਿਚ ਆਪਣੇ ਹਿੱਸੇ ਦੀ ਜਮੀਨ ਹਾਸਿਲ ਕਰਨ ਦੇ ਲਈ ਧਰਨਾ ਲਾ ਕੇ ਬੈਠੇ ਅਨੁਸੂਚਿਤ ਜਾਤੀ ਨਾਲ ਸਬੰਧਤ ਧਰਨਾਕਾਰੀਆਂ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰ ਕੇ ਉਨਾਂ ਨੂੰ ਜਲਦੀ ਗਿ੍ਰਫਤਾਰ ਕਰਨ ਦੇ ਆਦੇਸ਼ ਜਾਰੀ ਕਰਦੇ ਹੋਏ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬ ਦੇ ਚੀਫ ਸੈਕਟਰੀ, ਪੰਜਾਬ ਪੁਲੀਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਮਾਮਲੇ ਦੀ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਕਮਿਸ਼ਨ ਨੂੰ ਪ੍ਰਾਪਤ ਜਾਣਕਾਰੀ ਮੁਤਾਬਿਕ ਬਟਾਲਾ ਦੇ ਪਿੰਡ ਮਸਾਨਿਆ ਵਿਚ ਪੰਚਾਇਤੀ ਜਮੀਨ ਦੇ ਤੀਜੇ ਹਿੱਸੇ ਦੀ ਡਮੀ ਬੋਲੀ ਦੇ ਖਿਲਾਫ ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਸੀ। ਇਸ ਦੌਰਾਨ ਪਿੰਡ ਦੇ ਹੀ ਕੁੱਝ ਰਸੁਖਦਾਰ ਪਰਿਵਾਰਾਂ ਵੱਲੋਂ ਇਨਾਂ ਧਰਨਾਕਾਰੀਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਇਕ ਦਰਜ਼ਨ ਦੇ ਕਰੀਬ ਲੋਕ ਗੰਭੀਰ ਜਖ਼ਮੀ ਹੋ ਗਏ।
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਮਾਮਲੇ ਦਾ ਕੜਾ ਨੋਟਿਸ ਿਦਿਆਂ ਪੰਜਾਬ ਦੇ ਚੀਫ ਸੈਕਟਰੀ, ਪੰਜਾਬ ਪੁਲੀਸ ਦੇ ਡੀਜੀਪੀ ਦੇ ਨਾਲ-ਨਾਲ ਗੁਰਦਾਸਪੁਰ ਡਿਵੀਜਨਲ ਕਮਿਸ਼ਨਰ, ਇੰਸਪੈਕਟਰ ਜਨਰਲ ਆਫ ਪੁਲੀਸ ਬਾਰਡਰ ਰੇਂਜ, ਡੀਸੀ ਅਤੇ ਐਸਐਸਪੀ ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਤੁਰੰਤ ਕਾਰਵਾਈ ਰਿਪੋਰਟ ਦਾਇਰ ਕਰਨ। ਜੇਕਰ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਜਿਲਾ ਅਧਿਕਾਰੀਆਂ ਨੂੰ ਨਵੀਂ ਦਿੱਲੀ ਕਮਿਸ਼ਨ ਦੀ ਅਦਾਲਤ ਵਿਚ ਤਲਬ ਕੀਤਾ ਜਾਵੇਗਾ।