ਚੰਡੀਗੜ੍ਹ, 26 ਜੂਨ
ਪੰਜਾਬ ਸਰਕਾਰ ਨੇ 1993 ਬੈਚ ਦੇ ਆਈਏਐੱਸ ਅਧਿਕਾਰੀ ਅਨੁਰਾਗ ਵਰਮਾ ਨੂੰ ਸੂਬੇ ਦਾ ਅਗਲਾ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਉਹ ਵਿਜੈ ਕੁਮਾਰ ਜੰਜੂਆ ਦੀ ਥਾਂ ਲੈਣਗੇ, ਜੋ 30 ਜੂਨ ਨੂੰ ਸੇਵਾ ਮੁਕਤ ਹੋ ਰਹੇ ਹਨ। ਸਿਵਲ ਪ੍ਰਸ਼ਾਸਨ ਦੇ ਇਸ ਸਿਖਰਲੇ ਅਹੁਦੇ ’ਤੇ ਨਿਯੁਕਤੀ ਲਈ ਅੱਧੀ ਦਰਜਨ ਦੇ ਕਰੀਬ ਆਈਏਐੱਸ ਅਧਿਕਾਰੀਆਂ ਦਰਮਿਆਨ ਖਿੱਚੋਤਾਣ ਜਾਰੀ ਸੀ ਤੇ ਅਖੀਰ ‘ਆਪ’ ਸਰਕਾਰ ਨੇ ਇਸ ਅਹੁਦੇ ’ਤੇ ਅਨੁਰਾਗ ਵਰਮਾ ਦੀ ਨਿਯੁਕਤੀ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਹਨ। ਸ੍ਰੀ ਵਰਮਾ ਇਸ ਸਮੇਂ ਵਧੀਕ ਮੁੱਖ ਸਕੱਤਰ (ਗ੍ਰਹਿ), ਸੂਚਨਾ ਤਕਨਾਲੋਜੀ, ਇਨਵੈਸਟਮੈਂਟ ਪ੍ਰਮੋਸ਼ਨ ਅਤੇ ਉਦਯੋਗ ਵਜੋਂ ਸੇਵਾ ਨਿਭਾਅ ਰਹੇ ਹਨ। ਉਧਰ ਸੇਵਾ ਮੁਕਤ ਹੋ ਰਹੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਦਾ ਚੇਅਰਮੈਨ ਲਾਉਣ ਦੇ ਆਸਾਰ ਹਨ।
ਸਰਕਾਰ ਵੱਲੋਂ ਮੁੱਖ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਕੀਤੇ ਅਨੁਰਾਗ ਵਰਮਾ ਦੀ ਸੇਵਾ ਮੁਕਤੀ 2029 ਵਿੱਚ ਹੋਣੀ ਹੈ। ਇਸ ਤਰ੍ਹਾਂ ਨਾਲ ‘ਆਪ’ ਸਰਕਾਰ ਦੇ ਰਹਿੰਦੇ ਪੌਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਇਸ ਸਿਖਰਲੇ ਅਹੁਦੇ ਲਈ ਲੰਮੀ ਮਿਆਦ ਵਾਲੇ ਅਧਿਕਾਰੀ ਦੀ ਨਿਯੁਕਤੀ ਹੋ ਗਈ ਹੈ। ਸ੍ਰੀ ਵਰਮਾ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਤੇ ਸੂਬੇ ਦੇ ਹੋਰਨਾਂ ਅਹਿਮ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ ਵਿਜੀਲੈਂਸ ਅਤੇ ਪਰਸੋਨਲ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਵੀ ਹੋਣਗੇ। ਸ੍ਰੀ ਵਰਮਾ ਦੀ ਨਿਯੁਕਤੀ ਨਾਲ ਸਰਕਾਰ ਨੇ ਨਵੇਂ ਮੁੱਖ ਸਕੱਤਰ ਤੋਂ ਸੀਨੀਅਰ 1990 ਬੈਚ ਤੋਂ ਲੈ ਕੇ 1993 ਬੈਚ ਤੱਕ ਦੇ 7 ਆਈਏਐੱਸ ਅਧਿਕਾਰੀਆਂ ਨੂੰ ਵਿਸ਼ੇਸ਼ ਮੁੱਖ ਸਕੱਤਰ ਦਾ ਅਹੁਦਾ ਦੇ ਦਿੱਤਾ ਹੈ।
ਸੂਬੇ ਵਿੱਚ ਨਵੇਂ ਮੁੱਖ ਸਕੱਤਰ ਦੀ ਨਿਯੁਕਤੀ ਤੋਂ ਬਾਅਦ ਸਰਕਾਰ ਵਿੱਚ ਪ੍ਰਸ਼ਾਸਕੀ ਫੇਰਬਦਲ ਦੇ ਵੀ ਆਸਾਰ ਬਣ ਗਏ ਹਨ। ਸੇਵਾ ਮੁਕਤ ਹੋ ਰਹੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਦਾ ਚੇਅਰਮੈਨ ਲਾਏ ਜਾਣ ਦੇ ਆਸਾਰ ਹਨ। ਸਰਕਾਰ ਵੱਲੋਂ ਪੀਪੀਐੱਸਸੀ ਦੇ ਚੇਅਰਮੈਨ ਦੀ ਨਿਯੁਕਤੀ ਲਈ 21 ਜੂਨ ਤੱਕ ਅਰਜ਼ੀਆਂ ਮੰਗੀਆਂ ਸਨ ਤੇ ਸ੍ਰੀ ਜੰਜੂਆ ਨੇ ਇਸ ਅਹੁਦੇ ’ਤੇ ਨਿਯੁਕਤੀ ਲਈ ਅਰਜ਼ੀ ਵੀ ਦਿੱਤੀ ਹੈ। ਮਾਰਚ 2022 ਵਿੱਚ ‘ਆਪ’ ਸਰਕਾਰ ਦੇ ਹੋਂਦ ’ਚ ਆਉਣ ਸਮੇਂ ਮੁੱਖ ਸਕੱਤਰ ਦੇ ਅਹੁਦੇ ’ਤੇ 1990 ਬੈਚ ਦੇ ਆਈਏਐੱਸ ਅਧਿਕਾਰੀ ਅਨਿਰੁਧ ਤਿਵਾੜੀ ਤਾਇਨਾਤ ਸਨ ਤੇ ਲੰਘੇ ਸਾਲ ਜੁਲਾਈ ਮਹੀਨੇ ਅਚਾਨਕ ਹੀ ਸਰਕਾਰ ਨੇ ਸ੍ਰੀ ਤਿਵਾੜੀ ਦੀ ਥਾਂ ਸ੍ਰੀ ਜੰਜੂਆ ਦੀ ਨਿਯੁਕਤੀ ਕੀਤੀ ਸੀ।