ਨਵੀਂ ਦਿੱਲੀ, 9 ਮਾਰਚ

ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਮੁਲਕ ਦੇ ਅਨਾਜ ਭੰਡਾਰ ਅਡਾਨੀ ਗਰੁੱਪ ਦੇ ਹਵਾਲੇ ਕਰਨਾ ਚਾਹੁੰਦੀ ਹੈ ਅਤੇ ਅਜਿਹੀ ‘ਸਾਜ਼ਿਸ਼’ ਨੂੰ ਕਿਸਾਨ ਅੰਦੋਲਨ ਦੁਆਰਾ ਅਸਥਾਈ ਤੌਰ ’ਤੇ ਨਾਕਾਮ ਬਣਾਇਆ ਗਿਆ ਸੀ ਜਿਸ ਕਾਰਨ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਕਾਂਗਰਸ ਵੱਲੋਂ ‘ਹਮ ਅਦਾਨੀ ਕੇ ਹੈਂ ਕੌਨ’ ਲੜੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਤਿੰਨ ਹੋਰ ਸਵਾਲ ਪੁੱਛੇ ਗਏ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਹਿਮਦਾਬਾਦ ’ਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਟੈਸਟ ਮੈਚ ਦੌਰਾਨ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਦੀ ਮੌਜੂਦਗੀ ’ਚ ਸਟੇਡੀਅਮ ਦਾ ਚੱਕਰ ਲਾਉਣ ’ਤੇ ਵੀ ਟਿੱਪਣੀ ਕੀਤੀ।