ਚੰਡੀਗੜ੍ਹ, 

ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਲੈਣ ਵਾਲੇ ਇੱਕ ਸ਼ਖਸ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਬਿਊਰੋ ਵੱਲੋਂ ਗ੍ਰਿਫਤਾਰ ਲਾਲ ਚੰਦ ਬਾਂਸਲ ਨਾਂ ਦਾ ਵਿਅਕਤੀ ਖਰੜ ਦਾ ਰਹਿਣ ਵਾਲਾ ਹੈ ਤੇ ਉਹ ਸੂਚਨਾ ਦਾ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਜਾਣਕਾਰੀ ਹਾਸਲ ਕਰਨ ਲਈ ਅਰਜ਼ੀਆਂ ਦੇਣ ਦੀ ਤਕਨੀਕ ਅਤੇ ਸਰਕਾਰੀ ਵਿਭਾਗਾਂ ਵਿੱਚ ਬੇਨਿਯਮੀਆਂ ਦੇ ਸਹਾਰੇ ਪੈਸੇ ਹਾਸਲ ਕਰਦਾ ਸੀ।ਪਟਿਆਲਾ ਦੇ ਨਿਗਮ ਇੰਜਨੀਅਰ ਬਲਦੇਵ ਰਾਜ ਵਰਮਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਵਿਅਕਤੀ ਧਮਕੀ ਦੇ ਕੇ ਜਬਰੀ ਪੈਸੇ ਵਸੂਲੀ ਲਈ ਬਲੈਕਮੇਲ ਕਰ ਰਿਹਾ ਹੈ। ਅਧਿਕਾਰੀਆਂ ਦੱਸਿਆ ਕਿ ਲਾਲ ਚੰਦ ਨੇ ਇੱਕ ਫਰਜ਼ੀ ਸ਼ਿਕਾਇਤ ਕੀਤੀ ਸੀ ਅਤੇ ਸ਼ਿਕਾਇਤ ਵਾਪਸ ਲੈਣ ਬਦਲੇ ਉਹ 2 ਕਰੋੜ ਰੁਪਏ ਮੰਗ ਕਰ ਰਿਹਾ ਹੈ। ਇਸ ਵਿਅਕਤੀ ਵੱਲੋਂ 50 ਲੱਖ ਰੁਪਏ ਨਕਦ ਅਤੇ 1.50 ਕਰੋੜ ਰੁਪਏ ਦੀ ਜਾਇਦਾਦ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਬਲਦੇਵ ਰਾਜ ਨੇ ਬਲੈਕਮੇਲ ਸਬੰਧੀ ਕੀਤੀਆਂ ਜਾਂਦੀਆਂ ਗੱਲਾਂ ਰਿਕਾਰਡ ਕਰ ਲਈਆਂ। ਬਲਦੇਵ ਰਾਜ ਨੇ ਲਾਲ ਚੰਦ ਨੂੰ ਟੋਕਨ ਮਨੀ ਵਜੋਂ 5 ਲੱਖ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਇਸ ਵਿਅਕਤੀ ਵੱਲੋਂ ਉਸ (ਬਲਦੇਵ ਰਾਜ) ਖ਼ਿਲਾਫ਼ ਪਹਿਲਾਂ ਵੀ ਸਾਲ 2015 ਤੇ 2017 ਵਿੱਚ ਵੀ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਵਿਜੀਲੈਂਸ ਨੇ ਪੜਤਾਲ ਮਗਰੋਂ ਦੋਵੇਂ ਸ਼ਿਕਾਇਤਾਂ ਖਾਰਜ ਕਰ ਦਿੱਤੀਆਂ ਸਨ। ਵਿਜੀਲੈਂਸ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਮਗਰੋਂ ਉਨ੍ਹਾਂ ਦੀ ਟੀਮ ਨੇ ਜਾਲ ਵਿਛਾਇਆ ਤੇ ਲਾਲ ਚੰਦ ਨੂੰ ਟੀਡੀਆਈ ਕਲੋਨੀ, ਖਰੜ ਨੇੜਿਓਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5 ਲੱਖ ਰੁਪਏ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।