ਚੰਡੀਗੜ੍ਹ, 29 ਸਤੰਬਰ
ਪੰਜਾਬ ਦੇ ਯੋਜਨਾਬੰਦੀ ਵਿਭਾਗ ਨੇ ਸਥਾਈ ਵਿਕਾਸ ਟੀਚਿਆਂ (ਐੱਸਡੀਜੀ) ਸਬੰਧੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਹੈ, ਜਿਸ ਸਬੰਧੀ ਇੱਕ ਐਵਾਰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕੀਤੀ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਸਟੇਨਏਬਲ ਡਿਵੈਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐੱਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਵੱਖ-ਵੱਖ ਸ਼੍ਰੇਣੀਆਂ ਵਿੱਚ 17 ਜੇਤੂਆਂ ਅਤੇ ਦੋ ਵਿਸ਼ੇਸ਼ ਐਂਟਰੀਆਂ ਦਾ ਸਨਮਾਨ ਕੀਤਾ ਗਿਆ। ਲਾਈਵ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰ ਇਸ ਗੱਲ ਦਾ ਸਬੂਤ ਹਨ ਕਿ ਔਖੇ ਸਮਿਆਂ ਵਿੱਚ ਵੀ ਸਾਂਝੇ ਯਤਨਾਂ ਨਾਲ ਕਾਫ਼ੀ ਕੁਝ ਹਾਸਲ ਕੀਤਾ ਜਾ ਸਕਦਾ ਹੈ।
ਉਨ੍ਹ੍ਾਂ ਕਿਹਾ ਕਿ ਆਲਮੀ ਕੌਮਾਂਤਰੀ ਏਜੰਸੀਆਂ ਦੀ ਹੀ ਸਾਜ਼ਗਾਰ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਗੋਂ ਸਮਾਜ ਲਈ ਵੀ ਇਹ ਜ਼ਰੂਰੀ ਹੈ ਕਿ ਸਥਾਈ ਵਿਕਾਸ ਟੀਚਿਆਂ ਦੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ’ਤੇ ਅਮਲ ਕੀਤਾ ਜਾਵੇ।
ਐੱਸਡੀਜੀ ਟੀਮ ਨੇ ਇਨ੍ਹਾਂ ਐਵਾਰਡਾਂ ਲਈ ਆਈਆਂ ਨਾਮਜ਼ਦਗੀਆਂ ਦੀ ਸਥਾਈ ਵਿਕਾਸ ਟੀਚਿਆਂ ਦੇ ਮਾਪਦੰਡਾਂ, ਪਹਿਲਕਦਮੀ ਦੇ ਪ੍ਰਭਾਵ ਅਤੇ ਸਮਰੱਥਾ ਦੇ ਆਧਾਰ ’ਤੇ ਚੋਣ ਕੀਤੀ ਅਤੇ ਇਹ ਸੂਚੀ ਜੇਤੂਆਂ ਦੇ ਐਲਾਨ ਵਾਸਤੇ ਬਣਾਏ ਗਏ 5 ਜੱਜਾਂ ਦੇ ਪੈਨਲ ਨੂੰ ਸੌਂਪੀ, ਜਿਸ ਮਗਰੋਂ ਜੱਜਾਂ ਦੇ ਪੈਨਲ ਨੇ 17 ਜੇਤੂਆਂ ਅਤੇ ਦੋ ਵਿਸ਼ੇਸ਼ ਐਂਟਰੀਆਂ ਦੀ ਚੋਣ ਕੀਤੀ। ਵੱਡੇ ਪੱਧਰ ’ਤੇ ਸਾਰੇ ਸਥਾਈ ਵਿਕਾਸ ਟੀਚਿਆਂ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ‘ਸਪੈਸ਼ਨ ਹਿਊਮਨਟੇਰੀਅਨ ਐਕਸ਼ਨ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਇਹ ਵਿਸ਼ੇਸ਼ ਪੁਰਸਕਾਰ ਉੱਘੇ ਅਦਾਕਾਰ ਸੋਨੂੰ ਸੂਦ ਅਤੇ ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਡਾ. ਐੱਸ.ਪੀ.ਐੱਸ. ਓਬਰਾਏ (ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਨੂੰ ਦਿੱਤਾ ਹੈ।