ਮੁੰਬਈ : ਅਦਾਕਾਰ ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ, ਜਿਸ ਨਾਲ ਬਾਲੀਵੁੱਡ ਸੋਗ ਵਿੱਚ ਡੁੱਬ ਗਿਆ। ਧਰਮਿੰਦਰ ਦੀ ਮੌਤ ਤੋਂ ਬਾਅਦ ਸੈਫ ਅਲੀ ਖਾਨ, ਕਰਿਸ਼ਮਾ ਕਪੂਰ, ਰੇਖਾ, ਪ੍ਰੀਟੀ ਜ਼ਿੰਟਾ, ਕਾਜੋਲ, ਫਰਹਾਨ ਅਤੇ ਜ਼ੋਇਆ ਅਖਤਰ, ਸ਼ਿਲਪਾ-ਸ਼ਮਿਤਾ ਸ਼ੈੱਟੀ, ਵਤਸਲ ਸੇਠ ਸਮੇਤ ਕਈ ਸੈਲੇਬਸ ਉਨ੍ਹਾਂ ਦੇ ਘਰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਦੇ ਨਾਲ ਹੀ ਰਣਬੀਰ ਕਪੂਰ, ਆਲੀਆ ਭੱਟ, ਅਜੇ ਦੇਵਗਨ ਅਤੇ ਹੋਰ ਬਹੁਤ ਸਾਰੇ ਸਿਤਾਰੇ ਦਿਓਲ ਪਰਿਵਾਰ ਦੇ ਘਰ ਹੀ-ਮੈਨ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਲਗਾਤਾਰ ਵੱਧ ਰਹੀ ਭੀੜ ਨੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ।
ਧਰਮਿੰਦਰ ਕੁਝ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ। 10 ਨਵੰਬਰ ਨੂੰ, ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਮੀਡੀਆ ਵਿੱਚ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਵੀ ਆਈਆਂ, ਪਰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ਼ ਕਰ ਦਿੱਤਾ। 12 ਨਵੰਬਰ ਨੂੰ, ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿੱਚ ਹੀ ਇਲਾਜ ਜਾਰੀ ਰੱਖਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ 24 ਨਵੰਬਰ ਨੂੰ ਧਰਮਿੰਦਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ। ਜਾਣਕਾਰੀ ਅਨੁਸਾਰ 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੇ ਘਰ ਵਿੱਚ ਆਖਰੀ ਸਾਹ ਲਏ ਹਨ।
ਪਰਿਵਾਰ ਅਤੇ ਫ਼ਿਲਮ ਇੰਡਸਟਰੀ ਜਗਤ ਦੀਆਂ ਕਈ ਹਸਤੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਵੀ ਦਿੱਗਜ ਅਦਾਕਾਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਾਨ ਅਦਾਕਾਰ ਧਰਮਿੰਦਰ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਧਰਮਿੰਦਰ ਦਾ ਦੇਹਾਂਤ ਭਾਰਤੀ ਸਿਨੇਮਾ ਵਿੱਚ ਇੱਕ ਯੁੱਗ ਦਾ ਅੰਤ ਹੈ, ਇੱਕ ਯੁੱਗ ਜੋ ਉਨ੍ਹਾਂ ਦੀ ਅਦਾਕਾਰੀ, ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਸਾਦਗੀ ਦੁਆਰਾ ਅਮਰ ਹੋ ਗਿਆ ਸੀ। ਆਪਣੇ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮਿੰਦਰ ਸਿਰਫ਼ ਇੱਕ ਅਦਾਕਾਰ ਨਹੀਂ ਸਨ, ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਸਨ।
