ਮਾਨਸਾ, 16 ਜੁਲਾਈ

ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਪੁਲੀਸ ਵੱਲੋਂ ਮਾਨਸਾ ਤੋਂ ਅਤਿਵਾਦੀ ਕਹਿ ਕੇ ਫੜ੍ਹੇ ਗਏ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਉਹ ਇਸ ਪਰਿਵਾਰ ਤੇ ਸਿੱਖ ਆਗੂ ਦੇ ਬੇਕਸੂਰ ਹੋਣ ਦੀ ਕਾਨੂੰਨੀ ਲੜਾਈ ਲੜਨਗੇ ਤੇ ਇਸ ਰਾਹੀਂ ਸਰਕਾਰਾਂ ਦੀ ਧੱਕੇਸ਼ਾਹੀ ਦਾ ਵੀ ਜਵਾਬ ਦੇਣਗੇ। ਸ੍ਰੀ ਖਹਿਰਾ ਵੀਰਵਾਰ ਨੂੰ ਗੁਰਤੇਜ ਸਿੰਘ ਦੇ ਘਰ ਮਾਨਸਾ ਵਿਖੇ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਨਿਰਮਲ ਸਿੰਘ ਖਾਲਸਾ ਭਦੌੜ ਸਮੇਤ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦਾ ਹਾਲ-ਚਾਲ ਪੁੱਛਿਆ ਤੇ ਕਿਹਾ ਕਿ ਗੁਰਤੇਜ ਸਿੰਘ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ, ਉਸਨੂੰ ਬਿਨਾਂ ਕਿਸੇ ਕਸੂਰ ਤੇ ਬਿਨਾਂ ਕਿਸੇ ਦੋਸ਼ ਹੇਠ ਦਿੱਲੀ ਪੁਲੀਸ ਵੱਲੋਂ ਅਤਿਵਾਦੀ ਕਹਿ ਕੇ ਫਸਾਇਆ ਗਿਆ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਮਾਨਸਾ ਤੋਂ ਗੁਰਤੇਜ ਸਿੰਘ ਤੇ ਪਿੰਡ ਅਚਾਨਕ ਤੋਂ ਇਕ ਸਿੱਖ ਨੌਜਵਾਨ ਤੋਂ ਇਲਾਵਾ ਹੋਰਨਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ’ਚ ਸੁੱਟਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਸਟਿਸ ਮਹਿਤਾਬ ਸਿੰਘ ਤੋਂ ਜਾਂਚ ਕਰਵਾਈ ਜਾਵੇ ਤਾਂ ਸਭ ਕੁੱਝ ਸਪੱਸ਼ਟ ਹੋ ਜਾਵੇਗਾ।