ਨਵੀਂ ਦਿੱਲੀ, 14 ਦਸੰਬਰ
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਚਾਉਣਾ ਬੰਦ ਕਰੇ ਤੇ ਮੰਤਰੀ ਨੂੰ ਫੌਰੀ ਅਹੁਦੇ ਤੋਂ ਹਟਾਇਆ ਜਾਵੇ। ਮੋਰਚੇ ਨੇ ਕਿਹਾ ਕਿ ਉਨ੍ਹਾਂ ਇਸ ਪੂਰੇ ਘਟਨਾਕ੍ਰਮ ਨੂੰ ‘ਗਿਣ-ਮਿੱਥ ਕੇ ਕੀਤਾ ਕਤਲੇਆਮ’ ਕਰਾਰ ਦਿੱਤਾ ਸੀ ਤੇ ਅੱਜ ‘ਸਿਟ’ ਨੇ ਵੀ ਉਨ੍ਹਾਂ ਦੇ ਇਸ ਸਟੈਂਡ ’ਤੇ ਮੋਹਰ ਲਾ ਦਿੱਤੀ ਹੈ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ, ‘‘ਲਖੀਮਪੁਰ ਹਿੰਸਾ ਦਾ ਮੁੱਖ ਸਾਜ਼ਿਸ਼ਘਾੜਾ ਅਜੈ ਮਿਸ਼ਰਾ ਟੈਨੀ ਖੁੱਲ੍ਹੇਆਮ ਘੁੰਮ ਰਿਹਾ ਹੈ ਤੇ ਕੇਂਦਰੀ ਵਜ਼ਾਰਤ ਵਿੱਚ ਉਸ ਦਾ ਅਹੁਦਾ ਵੀ ਕਾਇਮ ਹੈ। ਇਨ੍ਹਾਂ ਸੱਜਰੀਆਂ ਲੱਭਤਾਂ ਦੀ ਰੋਸ਼ਨੀ ਵਿੱਚ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਮੋਦੀ ਸਰਕਾਰ ‘ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਤਲੇਆਮ ਦੇ ਸਾਜ਼ਿਸ਼ਘਾੜੇ’ ਨੂੰ ਬਚਾਉਣਾ ਬੰਦ ਕਰੇ। ਮੰਤਰੀ ਨੂੰ ਅਹੁਦੇ ਤੋਂ ਹਟਾਉਣ ਤੇ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਆਪਣੀ ਮੰਗ ਨੂੰ ਦੁਹਰਾਉਂਦਾ ਹੈ।’’ ਮੋਰਚੇ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਸੰਘਰਸ਼ ਜਾਰੀ ਰੱਖੇਗਾ।