ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਯਾਨੀ ਕਿ ਦਸੰਬਰ ਦੇ ਸ਼ੁਰੂ ‘ਚ ਚੀਨ ਦੇ ਦੌਰੇ ‘ਤੇ ਜਾਣਗੇ, ਜਿੱਥੇ ਉਨ੍ਹਾਂ ਦੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੀ ਸੰਭਾਵਨਾ ਹੈ। ਟਰੂਡੋ ਦਾ ਇਹ ਦੌਰਾ ਕਾਰੋਬਾਰੀ ਹੋਵੇਗਾ। ਟਰੂਡੋ ਚੀਨ ਨਾਲ ਮੁਕਤ ਵਪਾਰ ਗੱਲਬਾਤ ਖੋਲ੍ਹਣ ਲਈ ਚੀਨ ਦਾ ਦੌਰਾ ਕਰਨਗੇ। ਕੈਨੇਡਾ ਅਤੇ ਚੀਨ ਨੇ ਇਕ ਸਾਲ ਪਹਿਲਾਂ ਮੁਕਤ ਵਪਾਰ ਸਮਝੌਤੇ ਦੇ ਆਈਡੀਆ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਟਰੂਡੋ ਅਤੇ ਚੀਨੀ ਪ੍ਰੀਮੀਅਰ ਲੀ ਕੇਕੀਆਂਗ ਨੇ ਚੀਨ ਅਤੇ ਓਟਾਵਾ ਦੇ ਲਗਾਤਾਰ ਕਈ ਦੌਰੇ ਵੀ ਕੀਤੇ ਸਨ। ਫਰਵਰੀ ਅਤੇ ਅਗਸਤ ਦਰਮਿਆਨ ਗੱਲਬਾਤ ਦੇ ਤਿੰਨ ਗੇੜ ਹੋਏ ਸਨ,ਜਿਨ੍ਹਾਂ ਵਿਚੋਂ ਦੋ ਬੀਜਿੰਗ ਵਿਚ ਹੋਏ ਅਤੇ ਇਕ ਓਟਾਵਾ ‘ਚ ਹੋਇਆ। ਕੈਨੇਡਾ ਨੇ ਇਸ ਸਬੰਧ ਵਿਚ ਸਲਾਹ-ਮਸ਼ਵਰਾ ਵੀ ਕੀਤਾ, ਜੋ ਕਿ ਜੂਨ ਵਿਚ ਪੂਰਾ ਹੋਇਆ।
ਕੌਮਾਂਤਰੀ ਵਪਾਰ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਨੇ ਆਖਿਆ ਕਿ ਅਸੀਂ ਅਜੇ ਇਸ ਦਾ ਮੁਲਾਂਕਣ ਕਰਨ ਕਰ ਰਹੇ ਹਾਂ। ਅਜੇ ਤੱਕ ਅਗਲਾ ਕਦਮ ਕੀ ਚੁੱਕਿਆ ਜਾਵੇਗਾ ਇਸ ਬਾਰੇ ਕੋਈ ਫੈਸਲਾ ਨਹੀਂ ਕਰ ਸਕੇ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟਰੂਡੋ ਦਸੰਬਰ ਦੇ ਪਹਿਲੇ ਅੱਧ ਵਿਚ ਚੀਨ ਦੇ ਦੌਰੇ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਟਰੂਡੋ ਸਰਕਾਰ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕੀ ਹੈ ਕਿ ਕੈਨੇਡੀਅਨ ਵਸਤਾਂ ਲਈ ਮੰਡੀਆਂ ਦਾ ਪਸਾਰ ਕਰਨਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੈ। 1.4 ਬਿਲੀਅਨ ਲੋਕਾਂ ਦੀ ਆਬਾਦੀ ਨਾਲ ਖਾਸ ਤੌਰ ‘ਤੇ ਕੈਨੇਡਾ ਦੇ ਖੇਤੀਬਾੜੀ ਅਤੇ ਕੁਦਰਤੀ ਵਸੀਲਿਆਂ ਸੰਬੰਧੀ ਸੈਕਟਰ ਲਈ ਚੀਨ ਬਹੁਤ ਹੀ ਆਕਰਸ਼ਕ ਮੰਡੀ ਹੈ।