ਐਡੀਲੇਡ, 22 ਦਸੰਬਰ
ਭਾਰਤੀ ਕ੍ਰਿਕਟ ਟੀਮ ਦੀ ਮੈਨੇਜਮੈਂਟ ਅਗਲੇ ਟੈਸਟ ਮੈਚ ਲਈ ਰਵਿੰਦਰ ਜਡੇਜਾ ਦੀ ਸੱਟ ’ਤੇ ਨਜ਼ਰ ਰੱਖ ਰਹੀ ਹੈ। ਜੇ ਜਡੇਜਾ ਪੂਰੀ ਤਰ੍ਹਾਂ ਫਿੱਟ ਹੋ ਜਾਂਦਾ ਹੈ ਤਾਂ ਉਹ ਸ਼ਨਿਚਰਵਾਰ ਨੂੰ ਖੇਡੇ ਜਾਣ ਵਾਲੇ ਮੈਚ ਵਿੱਚ ਹਨੁਮਾ ਵਿਹਾਰੀ ਦੀ ਜਗ੍ਹਾ ਲੈ ਸਕਦਾ ਹੈ। ਪਹਿਲੇ ਟੀ-20 ਮੈਚ ਦੌਰਾਨ ਜਡੇਜਾ ਦੇ ਸਿਰ ’ਤੇ ਸੱਟ ਲੱਗ ਗਈ ਸੀ ਅਤੇ ਬਾਅਦ ਵਿੱਚ ਉਸ ਦੇ ਪੈਰ ਦੀਆਂ ਮਾਸਪੇਸ਼ੀਆਂ ਖਿੱਚੀਆਂ ਗਈਆਂ ਸਨ, ਜਿਸ ਕਾਰਨ ਉਹ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਸੀ। ਪਹਿਲੇ ਟੈਸਟ ਵਿੱਚ ਭਾਰਤ ਦੀ ਸ਼ਰਮਨਾਕ ਹਾਰ ਮਗਰੋਂ ਜਡੇਜਾ ਨੇ ਨੈੱਟ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਭਾਰਤੀ ਕ੍ਰਿਕਟ ਬੋਰਡ ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਜੇ ਜਡੇਜਾ ਲੰਬੇ ਸਪੈੱਲ ਸੁੱਟਣ ਯੋਗ ਹੋ ਜਾਂਦਾ ਹੈ ਤਾਂ ਫਿਰ ਬਹਿਸ ਦੀ ਕੋਈ ਗੱਲ ਹੀ ਨਹੀਂ। ਜਡੇਜਾ ਆਲਰਾਊਂਡਰ ਹੋਣ ਵਜੋਂ ਵਿਹਾਰੀ ਦੀ ਜਗ੍ਹਾ ਲੈ ਲਵੇਗਾ। ਇਸ ਨਾਲ ਟੀਮ ਨੂੰ ਪੰਜ ਗੇਂਦਬਾਜ਼ਾਂ ਨਾਲ ਮੈਦਾਨ ਵਿੱਚ ਉਤਰਨ ਦੀ ਸਹੂਲਤ ਵੀ ਮਿਲ ਜਾਵੇਗੀ। ਇਸ ਦੌਰਾਨ ਭਾਰਤੀ ਟੀਮ ਨੇ ਅੱਜ ਅਗਲੇ ਮੈਚ ਲਈ ਐਡੀਲੇਡ ਓਵਲ ਵਿੱਚ ਅਭਿਆਸ ਕਰਨਾ ਸੀ ਪਰ ਮੀਂਹ ਪੈਣ ਕਾਰਨ ਉਨ੍ਹਾਂ ਨੂੰ ਇਹ ਰੱਦ ਕਰਨਾ ਪਿਆ। ਉੱਧਰ, ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਸਿਡਨੀ ਟੈਸਟ ਤੋਂ ਪਹਿਲਾਂ ਤਿੰਨ ਜਨਵਰੀ ਨੂੰ ਅਭਿਆਸ ਕਰਨਾ ਸ਼ੁਰੂ ਕਰ ਸਕਦੇ ਹਨ। ਫਿਲਹਾਲ ਉਹ ਸਿਡਨੀ ਵਿੱਚ ਇਕਾਂਤਵਾਸ ਹਨ।