ਸਟਾਰ ਖ਼ਬਰ-ਸਾਬਕਾ ਐੱਫ਼ਬੀ.ਆਈ ਡਾਇਰੈਕਟਰ ਜੇਮਜ਼ ਕੋਮੇ ਨੇ ਔਟਵਾ ਵਿੱਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਰੂਸ ਦਖ਼ਲ ਅੰਦਾਜ਼ੀ ਕਰ ਸਕਦਾ ਹੈ ਕਿਉਂ ਕਿ ਉਹ ਸਫਲਤਾਪੂਰਵਕ ਪਿਛਲੀਆਂ ਅਮੈਰਿਕੀ ਚੋਣਾਂ ਵਿੱਚ ਅਜਿਹਾ ਕਰ ਚੁੱਕੇ ਹਨ।
ਕੋਮੇ ਵੱਲੋਂ ਇਹ ਪ੍ਰਗਟਾਵਾ ਕੈਨੇਡਾ 2020 ਵੱਲੋਂ ਕਰਵਾਈ ਗਈ ਇੱਕ ਕਾਨਫ੍ਰੰਸ ਵਿੱਚ ਸਿਆਸੀ ਪੱਤਰਕਾਰ ਐਵਨ ਸੋਲੋਮੌਨ ਨਾਲ਼ ਗੱਲਬਾਤ ਕਰਦਿਆਂ ਕੀਤਾ। ਕੋਮੇ ਨੇ ਕਿਹਾ ਕਿ ਇਹ ਸਮਝਣਾ ਬਹੁਤ ਅਹਿਮ ਹੈ ਕਿ ਰੂਸ ਨੇ ਆਪਣੀ ਸਫਲ ਚਾਲ ਨਾਲ਼ 2016 ਵਿੱਚ ਡੋਨਲਡ ਟ੍ਰੰਪ ਨੂੰ ਵਾਈਟ ਹਾਊਸ ਵਿੱਚ ਪਹੁੰਚਾ ਦਿੱਤਾ ਹੈ।
ਉਹਨਾਂ ਚਿਤਾਵਨੀ ਲਹਿਜ਼ੇ ਵਿੱਚ ਕਿਹਾ ਕਿ ਉਹ ਅਜਿਹਾ ਫਿਰ ਕਰੇਗਾ। ਇਸ ਤੋਂ ਅੱਗੇ ਉਹਨਾਂ ਕਿਹਾ ਕਿ ਲਿਬਰਲ ਅਤੇ ਡੈਮੋਕਰੈਟਿਕ ਮੁਲਕਾਂ ਨੂੰ ਇਸ ਸਬੰਧੀ ਚਿੰਤਤ ਹੋਣਾ ਚਾਹੀਦਾ ਹੈ। ਕੋਮੇ ਨੇ ਕਿਹਾ ਕਿ ਕੈਨੇਡਾ ਇੱਕ ਕਦਰਾਂ ਕੀਮਤਾਂ ਵਾਲਾ ਮੁਲਕ ਹੈ ਜੋ ਪੂਤਿਨ ਨੂੰ ਗਵਾਰਾ ਨਹੀਂ। ਇਸ ਲਈ ਰੂਸ ਦਾ ਕੈਨੇਡਾ ਅਗਲਾ ਵੱਡਾ ਨਿਸ਼ਾਨਾ ਹੋ ਸਕਦਾ ਹੈ।
ਕੋਮੇ ਉਸ ਵਕਤ ਦੁਨੀਆਂ ਦੀਆਂ ਨਜ਼ਰਾਂ ਵਿਚ ਆਏ ਸਨ ਜਦੋਂ ਪਿਛਲੇ ਸਾਲ ਟਰੰਪ ਨੇ ਕੋਮੇ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ। ਉਸ ਵਕਤ ਕੋਮੇ ਰੂਸ ਦੀ ਅਮੈਰਿਕੀ ਚੋਣਾਂ ਵਿੱਚ ਹੋਈ ਦਖ਼ਲ ਅੰਦਾਜ਼ੀ ਦੀ ਜਾਂਚ ਕਰ ਰਹੇ ਸਨ।
ਲੰਬੇ ਸਮੇਂ ਤੋਂ ਰਿਪਬਲਕਿਨ ਚੱਲੇ ਆ ਰਹੇ ਕੋਮੇ ਨੇ ਆਪਣੇ ਅਹੁਦੇ ਦਰਮਿਆਨ ਦੀਆਂ ਗ਼ਤੀਵਿਧੀਆਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਹੈ ਜੋ ਦੁਨੀਆਂ ਭਰ ਵਿੱਚ ਵੱਡੇ ਪੱਧਰ ਤੇ ਵਿਕੀ ਹੈ।
ਕੋਮੇ ਦਾ ਕਹਿਣਾ ਹੈ ਕਿ ਟ੍ਰੰਪ ਦੇ 500 ਦਿਨਾਂ ਦੇ ਕਾਰਜਕਾਲ ਵਿੱਚ ਉੱਪਰਲੀਆਂ ਅਹਿਮ ਸਿਆਸੀ ਧਿਰਾਂ ਦੇ ਰਿਸ਼ਤਿਆਂ ਵਿੱਚ ਕਾਫੀ ਕੁੜੱਤਣ ਪੈਦਾ ਹੋਈ ਹੈ। ਪ੍ਰੰਤੂ ਇਸੇ ਸਮੇਂ ਦੌਰਾਨ ਦੁਨੀਆਂ ਭਰ ਦੀਆਂ ਰੱਖਿਆ, ਇੰਟੈਲੀਜੈਂਸ ਅਤੇ ਕਾਨੂੰਨ ਦੇ ਸਾਥੀਆਂ ਵਿੱਚ ਰਿਸ਼ਤੇ ਮਜਬੂਤ ਰਹੇ ਹਨ।
ਕੈਨੇਡਾ ਅਤੇ ਅਮੈਰਿਕਾ ਦਰਿਮਆਨ ਹਾਲ ਹੀ ਵਿੱਚ ਵਪਾਰਕ ਖ਼ਿੱਚੋਤਾਣ ਸ਼ੁਰੂ ਹੋਈ ਹੈ। ਇਹ ਉਸ ਵਕਤ ਹੋਈ ਜਦੋਂ ਵਾਈਟ ਹਾਊਸ ਨੇ ਕੈਨੇਡੀਅਨ ਐਲੁਮਿਨੀਅਮ ਅਤੇ ਸਟੀਲ ਤੇ 25% ਵਾਧੂ ਟੈਕਸ ਲਾਇਆ ਹੈ। ਇਹ ਖ਼ਬਰ ਉਸ ਵਕਤ ਆਈ ਜਦੋਂ ਪਹਿਲਾਂ ਹੀ ਕਈ ਮਹੀਨਿਆਂ ਤੋਂ ਅਮੈਰਿਕਾ, ਕੈਨੇਡਾ ਅਤੇ ਮੈਕਸੀਕੋ ਦਰਮਿਆਨ ਮੁਫਤ ਵਪਾਰ ਸੰਧੀ (ਨਾਫਟਾ) ਤੇ ਦੁਬਾਰਾ ਤੋਂ ਸੌਦੇਬਾਜ਼ੀ ਹੋ ਰਹੀ ਹੈ।
ਇਸ ਦੇ ਬਦਲੇ ਵਿੱਚ ਕੈਨੇਡਾ ਨੇ ਜੁਲਾਈ 1 ਤੋਂ ਅਮੈਰਿਕੀ ਐਲੁਮਿਨੀਅਮ ਅਤੇ ਸਟੀਲ ਤੇ ਮੋੜਵੀਂ 25 ਫੀਸਦੀ ਟੈਰਿਫ ਲਾਉਣ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਹੋਰ ਅਮੈਰਿਕੀ ਵਸਤਾਂ ਜਿਵੇਂ ਆਚਾਰ, ਪੀਜ਼ਾ, ਚੌਕਲੇਟ, ਵਿਸਕੀ, ਘਾਹ ਕੱਟਣ ਵਾਲੀਆਂ ਮਸ਼ੀਨਾਂ ਆਦਿ ਤੇ 10 ਫੀਸਦੀ ਟੈਰਿਫ ਲਾਉਣ ਦਾ ਐਲਾਨ ਕਰ ਦਿਤਾ ਹੈ।
ਇਸ ਪਿੱਛੇ ਉਹਨਾਂ ਅਮੈਰਿਕੀ ਸੂਬਿਆਂ ਤੇ ਦਬਾਅ ਬਣਾਉਣ ਦੀ ਨੀਤੀ ਤਹਿਤ ਕੀਤਾ ਗਿਆ ਹੈ ਜਿੰਨ੍ਹਾਂ ਸੂਬਿਆਂ ਦੀ ਆਰਥਿਕਤਾ ਕੈਨੇਡਾ ਦੇ ਵਪਾਰ ਤੇ ਨਿਰਭਰ ਕਰਦੀ ਹੈ।
ਜਦੋਂ ਇਸ ਖ਼ਿੱਚੋਤਾਣ ਬਾਰੇ ਕੋਮੇ ਨੂੰ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਦੋਵਾਂ ਵਿਚਕਾਰ ਵਿਚਲਾ ਰਸਤਾ ਲੱਭਣਾ ਅਹਿਮ ਹੈ। ਤੁਹਾਨੂੰ ਜਿਹੜੇ ਤੁਰੰਤ ਕਦਮ ਚੁੱਕਣੇ ਪੈਂਦੇ ਹਨ ਤੋਂ ਬਿਨਾਂ ਮੁਲਕ ਲਈ ਲੰਬੇ ਸਮੇਂ ਲਈ ਕੀ ਠੀਕ ਹੈ ਨੂੰ ਵੀ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ।