ਬਠਿੰਡਾ, ਸ਼੍ਰੋਮਣੀ ਅਕਾਲੀ ਦਲ ਮਾਘੀ ਮੇਲੇ ’ਤੇ ਹੁਣ ਆਪਣੀ ਸਿਆਸੀ ਤਾਕਤ ਨਾਪੇਗਾ ਅਤੇ ਸਿਆਸੀ ਕਾਨਫਰੰਸ ’ਤੇ ਭੀੜ ਜੁਟਾਉਣ ਲਈ ਅਕਾਲੀ ਪੱਬਾਂ ਭਾਰ ਹੋ ਗਏ ਹਨ। ਐਤਕੀਂ ਮਾਘੀ ਮੇਲੇ ’ਤੇ ਕਾਂਗਰਸ ਅਤੇ ‘ਆਪ’ ਵੱਲੋਂ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਾਨਫਰੰਸਾਂ ਕੀਤੀਆਂ ਜਾਣਗੀਆਂ। ਅਕਾਲੀ ਦਲ, ਕਾਂਗਰਸ ਸਰਕਾਰ ਦੇ ‘ਕਰਜ਼ਾ ਮੁਕਤੀ ਸਮਾਰੋਹ’ ਦਾ ਜਵਾਬ ਮਾਘੀ ਮੇਲੇ ’ਤੇ ਵੱਡੀ ਕਾਨਫਰੰਸ ਕਰਕੇ ਦੇਣ ਦੇ ਰੌਂਅ ’ਚ ਹੈ। ਉਨ੍ਹਾਂ ਵੱਲੋਂ ਕਰਜ਼ਾ ਮੁਆਫ਼ੀ ਦੇ ਮੁੱਦੇ ਨੂੰ ਮੁੱਖ ਤੌਰ ’ਤੇ ਉਭਾਰਿਆ ਜਾਵੇਗਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੇਲਾ ਮਾਘੀ ’ਤੇ ਸਿਆਸੀ ਕਾਨਫਰੰਸਾਂ ਨੂੰ ਹਰੀ ਝੰਡੀ ਪਹਿਲਾਂ ਹੀ ਦੇ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਨਫਰੰਸਾਂ ਦੀ ਪ੍ਰਵਾਨਗੀ ਲੈਣ ਲਈ ਦਰਖਾਸਤਾਂ ਦੇ ਦਿੱਤੀਆਂ ਹਨ। ਮੁਕਤਸਰ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਮੁਤਾਬਕ ਉਨ੍ਹਾਂ ਐਸਐਸਪੀ ਤੋਂ ਦੋਹਾਂ ਸਿਆਸੀ ਧਿਰਾਂ ਦੇ ਪ੍ਰੋਗਰਾਮਾਂ ਸਬੰਧੀ ਰਿਪੋਰਟ ਮੰਗੀ ਹੈ। ਸੂਤਰਾਂ ਅਨੁਸਾਰ ਕੈਪਟਨ ਸਰਕਾਰ ਦਾ ਅਕਾਲੀ ਕਾਨਫਰੰਸ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਕੁਝ ਧਾਰਮਿਕ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਕਾਲੀ ਕਾਨਫਰੰਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਪਤਾ ਲੱਗਾ ਹੈ ਕਿ ਮਾਘੀ ਕਾਨਫਰੰਸ ਦਾ ਏਜੰਡਾ ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਜਨਵਰੀ ਨੂੰ ਕੀਤੀ ਜਾ ਰਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ। ਪਾਰਟੀ ਵੱਲੋਂ ਮਲੋਟ ਰੋਡ ’ਤੇ ਕਰੀਬ ਸਵਾ ਚਾਰ ਏਕੜ ਜਗ੍ਹਾ ਵਿੱਚ ਕਾਨਫਰੰਸ ਕੀਤੀ ਜਾਵੇਗੀ। ਹਲਕਾ ਮੁਕਤਸਰ ਤੋਂ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਨੇ ਦੱਸਿਆ ਕਿ ਮਾਘੀ ਕਾਨਫਰੰਸ ’ਤੇ ਅਕਾਲੀ ਦਲ 50 ਹਜ਼ਾਰ ਦਾ ਇਕੱਠ ਕਰੇਗਾ ਜੋ ਕਾਂਗਰਸ ਦੇ ਮਾਨਸਾ ਵਾਲੇ ਸਰਕਾਰੀ ਇਕੱਠ ਤੋਂ ਵੱਡਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁਕਤਸਰ ਦੇ ਹਰ ਹਲਕੇ ਨੂੰ ਪ੍ਰਤੀ ਹਲਕਾ 100-100 ਬੱਸਾਂ ਅਤੇ ਗੁਰੂ ਹਰਸਹਾਏ ਤੇ ਜਲਾਲਾਬਾਦ ਨੂੰ 100 ਬੱਸਾਂ ਦਿੱਤੀਆਂ ਜਾਣਗੀਆਂ। ਬਾਕੀ ਜ਼ਿਲ੍ਹਿਆਂ ਲਈ ਛੋਟੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਉਚੇਚੇ ਤੌਰ ’ਤੇ ਦੱਸਿਆ ਕਿ ਉਹ ਕਾਨਫਰੰਸ ’ਚ ਗੁਰਦਾਸ ਮਾਨ ਨਹੀਂ ਸਗੋਂ ਰਵਾਇਤੀ ਢਾਡੀ ਹੀ ਲਗਾਉਣਗੇ।
ਵਿਘਨ ਨਹੀਂ ਪਾਉਣ ਦੇਵਾਂਗੇ: ਛੀਨਾ
ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਮਾਘੀ ਮੇਲੇ ਵਿੱਚ ਕਿਸੇ ਵਿਅਕਤੀ ਨੂੰ ਅਮਨ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਜਿਸ ਧਿਰ ਨੂੰ ਵੀ ਕਾਨਫਰੰਸ ਲਈ ਪ੍ਰਵਾਨਗੀ ਦੇਵੇਗਾ, ਉਨ੍ਹਾਂ ਕਾਨਫਰੰਸਾਂ ’ਚ ਵਿਘਨ ਪਾਉਣ ਦਾ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ।