ਭਵਾਨੀਗੜ੍ਹ, 8 ਅਗਸਤ
ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਦੇ ਰੋਸ ਵਜੋਂ ਅਕਾਲੀ-ਭਾਜਪਾ ਆਗੂਆਂ ਦਾ ਪਿੰਡਾਂ ਵਿੱਚ ਵੜਨ ਸਮੇਂ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਕਾਰਨ ਪੰਜਾਬ ਦੀ ਕਿਸਾਨੀ ਅਤੇ ਸਮੁੱਚੀ ਆਰਥਿਕਤਾ ਤਬਾਹ ਹੋ ਜਾਵੇਗੀ। ਕਰੋਨਾ ਦੌਰਾਨ ਕੀਤੀ ਗਈ ਇਸ ਧੱਕੇਸ਼ਾਹੀ ਖ਼ਿਲਾਫ ਯੂਨੀਅਨ ਵੱਲੋਂ 15 ਤੋਂ 21 ਅਗਸਤ ਤੱਕ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਨੂੰ ਪਿੰਡਾਂ ਵਿੱਚ ਦਾਖਲ ਹੋਣ ਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਕੋਈ ਵੀ ਅਕਾਲੀ-ਭਾਜਪਾ ਦੇ ਆਗੂਆਂ ਦਾ ਪੰਜਾਬ ਦੇ ਹਰ ਪਿੰਡ-ਪਿੰਡ ਵਿੱਚ ਵੜਨ ’ਤੇ ਘਿਰਾਉ ਕੀਤਾ ਜਾਵੇਗਾ। ਇਸ ਵਿਰੋਧਤਾ ਦੇ ਲਿਖਤੀ ਨੋਟਿਸ ਪਿੰਡਾਂ ਦੇ ਮੋੜਾਂ ਤੇ ਲਾਏ ਜਾਣਗੇ ਤਾਂ ਕਿ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਈ ਜਾ ਸਕੇ। ਮੀਟਿੰਗ ਵਿੱਚ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਲੱਡੀ, ਬਲਵਿੰਦਰ ਸਿੰਘ ਲੱਖੇਵਾਲ, ਸੁਖਵਿੰਦਰ ਸਿੰਘ ਬਲਿਆਲ, ਰਘਬੀਰ ਸਿੰਘ ਘਰਾਚੋਂ ਅਤੇ ਹੋਰ ਕਿਸਾਨ ਆਗੂ ਅਤੇ ਵਰਕਰ ਸ਼ਾਮਲ ਸਨ।