ਪੁੱਛਿਆ ਕਿ ਵਿੱਤ ਮੰਤਰੀ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਲਈ ਬੇਲੋੜੇ ਖਰਚਿਆਂ ਨੂੰ ਨੱਥ ਕਿਉਂ ਨਹੀਂ ਪਾਉਂਦਾ

ਚੰਡੀਗੜ੍ਹ/07 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਪੁਲਿਸ ਦੇ ਕਰਮੀਆਂ ਦੀ 13ਵੀਂ ਤਨਖਾਹ ਬੰਦ ਕਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਨਾ ਸਿਰਫ ਸੂਬੇ ਦੀ ਪੁਲਿਸ ਫੋਰਸ ਦਾ ਮਨੋਬਲ ਡਿੱਗੇਗਾ, ਸਗੋਂ ਸੂਬੇ ਦੇ ਅਮਨ-ਕਾਨੂੰਨ ਉੱਤੇ ਵੀ ਇਸ ਦਾ ਮਾੜਾ ਅਸਰ ਪਵੇਗਾ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੁਲਿਸ ਕਰਮੀਆਂ ਦੀ 13ਵੀਂ ਤਨਖਾਹ ਬੰਦ ਕਰਨ ਦੇ ਦਿੱਤੇ ਤਾਜ਼ਾ ਪ੍ਰਸਤਾਵ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕਰਮਚਾਰੀ-ਵਿਰੋਧੀ ਮਾਨਸਿਕਤਾ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਇਹ ਲਾਭ ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ 1979 ਵਿਚ ਦਿੱਤਾ ਗਿਆ ਸੀ ਅਤੇ ਇੰਨੇ ਸਾਲਾਂ ਤੋਂ ਇਸ ਨੂੰ ਜਾਰੀ ਰੱਖਿਆ ਹੋਇਆ ਹੈ, ਕਿਉਂਕਿ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਪੁਲਿਸ ਕਰਮਚਾਰੀ ਇਸ ਲਾਭ ਦੇ ਹੱਕਦਾਰ ਹਨ।

ਸਰਦਾਰ ਭੂੰਦੜ ਨੇ ਕਿਹਾ ਕਿ ਪੁਲਿਸ ਕਰਮੀਆਂ ਨੂੰ 13ਵੀਂ ਤਨਖਾਹ ਸਾਲ ਦੀਆਂ 30 ਛੁੱਟੀਆਂ ਨਾ ਲੈਣ ਬਦਲੇ ਦੇਣੀ ਸ਼ੁਰੂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਹ ਮਹਿਸੂਸ ਕੀਤਾ ਗਿਆ ਸੀ ਕਿ ਜੇਕਰ ਪੁਲਿਸ ਫੋਰਸ ਨੂੰ ਇਹ ਲਾਭ ਦਿਤਾ ਜਾਂਦਾ ਹੈ ਤਾਂ ਇਸ ਨਾਲ ਸੂਬੇ ਅੰਦਰ ਵਧੀਆ ਤਰੀਕੇ ਨਾਲ ਅਮਨ-ਕਾਨੂੰਨ ਕਾਇਮ ਰੱਖਣ ਵਿਚ ਮੱਦਦ ਮਿਲੇਗੀ।

ਅਕਾਲੀ ਆਗੂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਪੁਲਿਸ ਕਰਮੀ ਕਿਹੋ ਜਿਹੇ ਹਾਲਾਤਾਂ ਵਿਚ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਇਸ ਲਾਭ ਨੂੰ ਵਾਪਸ ਲੈਣ ਨਾਲ ਨਾ ਸਿਰਫ 79,625 ਪੁਲਿਸ ਕਰਮੀਆਂ ਨੂੰ ਭਾਰੀ ਧੱਕਾ ਲੱਗੇਗਾ, ਸਗੋਂ ਹੇਠਲੇ ਪੱਧਰ ਉੱਤੇ ਅਮਨ-ਕਾਨੂੰਨ ਉੱਤੇ ਅਸਰ ਪਵੇਗਾ, ਕਿਉਂਕਿ ਪੁਲਿਸ ਸਟੇਸ਼ਨਾਂ ਅੰਦਰ 24 ਘੰਟੇ ਡਿਊਟੀ ਚੱਲਦੀ ਹੈ।

ਵਿੱਤ ਮੰਤਰੀ ਨੂੰ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਲਈ ਹੋਰ ਵਿਕਲਪ ਜਿਵੇਂ ਸਲਾਹਕਾਰਾਂ ਦੀ ਫੌਜ ਨੂੰ ਕੈਬਨਿਟ ਰੈਂਕ ਵਾਲੀਆਂ ਦਿੱਤੀਆਂ ਸਹੂਲਤਾਂ ਅਤੇ ਭੱਤੇ ਵਾਪਸ ਲੈਣ ਲਈ ਆਖਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਵਿੱਤ ਮੰਤਰੀ ਸੂਬੇ ਦਾ ਖਰਚਾ ਘਟਾਉਣ ਲਈ ਮੰਤਰੀਆਂ ਨੂੰ ਵੀ ਆਪਣੀਆਂ ਤਨਖਾਹਾਂ ਅਤੇ ਭੱਤੇ ਦੇਣ ਲਈ ਕਹਿ ਸਕਦਾ ਹੈ। ਉਹਨਾਂ ਕਿਹਾ ਇਸ ਨਾਲ ਸ਼ਰਤੀਆ 302 ਕਰੋੜ ਰੁਪਏ ਇਕੱਠੇ ਹੋ ਜਾਣਗੇ, ਜੋ ਕਿ ਪੁਲਿਸ ਕਰਮੀਆਂ ਨੂੰ 13ਵੀਂ ਤਨਖਾਹ ਬੰਦ ਕਰਕੇ ਜੁਟਾਉਣ ਦੀ ਯੋਜਨਾ ਹੈ।

ਸਰਦਾਰ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਇਸ ਨਾਜ਼ੁਕ ਮੌਕੇ ਉਤੇ ਪੁਲਿਸ ਕਰਮੀਆਂ ਦੇ ਨਾਲ ਖੜ੍ਹੇਗਾ ਜਦੋਂ ਮੰਤਰੀਆਂ ਅਤੇ ਸਲਾਹਕਾਰਾਂ ਨੂੰ ਵਾਧੂ ਸਹੂਲਤਾਂ ਦੇਣ ਲਈ ਉਹਨਾਂ ਦੀ ਬਣਦੀ ਤਨਖਾਹ ਖੋਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਕਿਸੇ ਵੀ ਕੀਮਤ ਉੱਤੇ ਸੂਬੇ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਨਾਲ ਸਮਝੌਤਾ ਨਹੀਂ ਕਰਨ ਦੇਵੇਗਾ।