ਚੰਡੀਗੜ੍ਹ, 24 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਵਿੱਚ ਕੱਦਾਵਰ ਧਾਰਮਿਕ ਹਸਤੀ ਦੀ ਘਾਟ ਰੜਕਣ ਲੱਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ 29 ਨਵੰਬਰ ਨੂੰ ਹੋਣ ਵਾਲੀ ਚੋਣ ਪਾਰਟੀ ਲਈ ਚੁਣੌਤੀ ਵਾਂਗ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਅਹੁਦੇ ’ਤੇ ਭਵਿੱਖ ਵਿੱਚ ਕੰਮ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ ਹੈ। ਹਾਲਾਂਕਿ ਪਾਰਟੀ ਲੀਡਰਸ਼ਿਪ ਵੱਲੋਂ ਪ੍ਰੋ. ਬਡੂੰਗਰ ਦਾ ਨਾਮ ਵੀ ਦਾਅਵੇਦਾਰਾਂ ਵਜੋਂ ਵਿਚਾਰਿਆ ਜਾ ਰਿਹਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਭਲਕੇ ਚੰਡੀਗੜ੍ਹ ਵਿੱਚ ਮੀਟਿੰਗ ਹੋਣੀ ਹੈ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਇਸ ਮੀਟਿੰਗ ਵਿੱਚ ਆਉਣ ਦੇ ਆਸਾਰ ਹਨ। ਪਾਰਟੀ ਦੇ ਇਕ ਸੀਨੀਅਰ ਆਗੂ ਦਾ ਦੱਸਣਾ ਹੈ ਕਿ ਸ੍ਰੀ ਬਾਦਲ ਨਾਲ ਕਮੇਟੀ ਪ੍ਰਧਾਨ ਦੀ ਚੋਣ ਸਬੰਧੀ ਭਲਕੇ ਰਸਮੀ ਚਰਚਾ ਹੋਵੇਗੀ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਮਾਝੇ ਦੇ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਵੀ ਦਾਅਵੇਦਾਰਾਂ ਵਿੱਚ ਸ਼ਾਮਲ ਹਨ ਪਰ ਹਾਲ ਦੀ ਘੜੀ ਕੋਈ ਵਿਵਾਦ ਰਹਿਤ ਤੇ ਕੱਦਾਵਰ ਧਾਰਮਿਕ ਵਿਅਕਤੀ ਦਿਖਾਈ ਨਹੀਂ ਦੇ ਰਿਹਾ, ਜਿਸ ਨੂੰ ਇਸ ਸੰਸਥਾ ਦੀ ਜ਼ਿੰਮੇਵਾਰੀ ਦਿੱਤੀ ਜਾ ਸਕੇ। ਉਂਜ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਵੀ ਪ੍ਰਧਾਨਗੀ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਆਗੂਆਂ ਨੂੰ ਅਦਾਲਤ ਵੱਲੋਂ ਸੁਣਾਈ ਸਜ਼ਾ ਕਮੇਟੀ ਮੁਖੀ ਬਣਨ ਵਿੱਚ ਵੱਡਾ ਅੜਿੱਕਾ ਖੜ੍ਹਾ ਕਰ ਦਿੰਦੀ ਹੈ।
ਸੂਤਰਾਂ ਮੁਤਾਬਕ ਪਾਰਟੀ ਵੱਲੋਂ ਕਈ ਵਿਅਕਤੀਆਂ ਦੇ ਨਾਮ ’ਤੇ ਵਿਚਾਰ ਤਾਂ ਕੀਤਾ ਗਿਆ ਪਰ ਉਹ ਵਿਅਕਤੀ ਸ਼੍ਰੋਮਣੀ ਕਮੇਟੀ ਮੈਂਬਰ ਨਾ ਹੋਣ ਕਾਰਨ ਪ੍ਰਧਾਨ ਦੀ ਚੋਣ ਨਹੀਂ ਲੜ ਸਕਦੇ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਇਕ ਸਮੇਂ ਤੱਕ ਧਾਰਮਿਕ ਖੇਤਰ ਦੇ ਵਿਅਕਤੀਆਂ ਦੀ ਹੋਂਦ ਵਿਚਾਰਨਯੋਗ ਹੱਦ ਤੱਕ ਰਹੀ ਸੀ। ਪਾਰਟੀ ਵਿੱਚ ਸਿਆਸਤ ਭਾਰੂ ਹੋਣ ਤੋਂ ਬਾਅਦ ਇਸ ਖੇਤਰ ਦੇ ਵਿਅਕਤੀਆਂ ਦਾ ਬੋਲਬਾਲਾ ਘਟਣਾ ਸ਼ੁਰੂ ਹੋ ਗਿਆ। ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਹੋਣ ਕਾਰਨ ਧਾਰਮਿਕ ਖੇਤਰ ਦੀ ਲੀਡਰਸ਼ਿਪ ਦੀ ਕਮੀ ਰੜਕਣੀ ਸ਼ੁਰੂ ਹੋ ਗਈ।
ਪਾਰਟੀ ਆਗੂਆਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਦੇ ਰਿਸ਼ਤੇਦਾਰਾਂ ਦੇ ਨਾਮ ਸ਼ਰਾਬ ਦੇ ਠੇਕੇਦਾਰਾਂ ਜਾਂ ਹੋਰ ਧੰਦਿਆਂ ਨਾਲ ਜੁੜੇ ਰਹੇ ਹਨ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦੌਰਾਨ ਵੀ ਧਾਰਮਿਕ ਖੇਤਰ ਦੇ ਵਿਅਕਤੀਆਂ ਨੂੰ ਟਿਕਟਾਂ ਦੇਣ ਦੇ ਮਾਮਲੇ ’ਤੇ ਟਾਲਾ ਵੱਟਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ’ਤੇ ਜ਼ਿਆਤਾਦਰ ਮਾਲਵੇ ਨਾਲ ਸਬੰਧਤ ਅਕਾਲੀ ਆਗੂਆਂ ਦਾ ਹੀ ਦਬਦਬਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਅਕਾਲੀ ਦਲ ਵਿੱਚ ਕੋਈ ਵਿਵਾਦ ਰਹਿਤ ਧਾਰਮਿਕ ਵਿਅਕਤੀ ਸਾਹਮਣੇ ਨਹੀਂ ਆਇਆ। ਅਵਤਾਰ ਸਿੰਘ ਮੱਕੜ ਭਾਵੇਂ ਕਈ ਸਾਲ ਸ਼੍ਰੋਮਣੀ ਕਮੇਟੀ ਦੀ ਸੇਵਾ ਨਿਭਾਅ ਚੁੱਕੇ ਹਨ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਵਿਵਾਦ ਹੋਏ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਕ ਸਮੇਂ ਮਾਝੇ ਦੇ ਵਿਵਾਦਤ ਸਿਆਸਤਦਾਨ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਨਾਮ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਰਿਹਾ ਹੈ।