ਚੰਡੀਗੜ੍ਹ/30 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾਣ, ਕਿਉਂਕਿ ਉਸ ਨੇ 2014 ਵਿਚ ਚੋਣ ਕਮਿਸ਼ਨ ਨੂੰ ਆਪਣੇ ਚੋਣ ਖਰਚੇ ਸੰਬੰਧੀ ਜਾਣ ਬੁੱਝ ਕੇ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਸੀ।

ਇਸ ਸੰਬੰਧੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਕੋਲ ਇੱਕ ਰਸਮੀ ਸ਼ਿਕਾਇਤ ਦਿੱਤੀ ਗਈ। ਇਸ ਸ਼ਿਕਾਇਤ ਵਿਚ ਇੱਕ ਟੈਲੀਵੀਜ਼ਨ ਸਟਿੰਗ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਗਿਆ, ਜਿਸ ਵਿਚ ਸ਼ੇਰ ਸਿੰਘ ਘੁਬਾਇਆ ਕੈਮਰੇ ਦੇ ਸਾਹਮਣੇ ਕਹਿ ਰਿਹਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਦਾ ਚੋਣ ਖਰਚਾ ਤਕਰੀਬਨ 30 ਕਰੋੜ ਰੁਪਏ ਹੋਇਆ ਸੀ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ  ਦਲਜੀਤ ਸਿੰਘ ਚੀਮਾ ਵੱਲੋਂ ਦਿੱੱਤੀ ਗਈ ਇਸ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ, ਜੇਕਰ ਕੋਈ ਉਮੀਦਵਾਰ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਖਰਚੇ ਤੋਂ ਵੱਧ ਖਰਚ ਕਰਦਾ ਹੈ ਤਾਂ ਉਸ ਆਯੋਗ ਠਹਿਰਾਇਆ ਜਾਵੇਗਾ। ਸ਼ਿਕਾਇਤ ਵਿਚ ਕਿਹਾ ਕਿ ਸ੍ਰੀ ਘੁਬਾਇਆ ਦੇ ਆਪਣੇ ਬਿਆਨ ਅਨੁਸਾਰ,ਉਸ ਨੇ ਚੋਣ ਕਮਿਸ਼ਨ ਦੇ ਖਰਚੇ ਸੰਬੰਧੀ ਨੇਮਾਂ ਦੀ ਉਲੰਘਣਾ ਕੀਤੀ ਹੈ , ਜਿਸ ਕਰਕੇ ਆਪਣੇ ਚੋਣ ਖਰਚੇ ਬਾਰੇ ਸਹੀ ਤੱਥ ਛੁਪਾਉਣ ਲਈ ਉਸ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਡਾਕਟਰ ਚੀਮਾ ਨੇ ਚੋਣ ਕਮਿਸ਼ਨ ਨੂੰ ਸਾਰੇ ਤੱਥਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਕਿ ਸ੍ਰੀ ਘੁਬਾਇਆ ਖਿਲਾਫ ਫੌਰੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਟੈਲੀਵੀਜ਼ਨ ਦੇ ਸਟਿੰਗ ਆਪਰੇਸ਼ਨ ਦੀ ਨਕਲ ਵੀ ਚੋਣ ਕਮਿਸ਼ਨ ਨੂੰ ਦਿੱਤੀ ਤਾਂ ਕਿ ਸਾਂਸਦ ਦੇ ਬਿਆਨ ਦੀ ਜਾਂਚ ਕੀਤੀ ਜਾ ਸਕੇ। ਅਕਾਲੀ ਆਗੂ ਨੇ ਕਿਹਾ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਅਤੇ ਚੋਣ ਪ੍ਰਕਿਰਿਆ ਅੰਦਰ ਲੋਕਾਂ ਦਾ ਵਿਸ਼ਵਾਸ਼ ਬਹਾਲ ਕਰਨ ਲਈ ਸਾਂਸਦ ਖਿਲਾਫ ਕਾਰਵਾਈ ਬਹੁਤ ਜਰੂਰੀ ਹੈ।