ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਰਕਾਰੀ ਨੌਕਰੀਆਂ 100 ਫੀਸਦੀ ਸਿਰਫ ਪੰਜਾਬੀਆਂ ਵਾਸਤੇ ਰਾਖਵੀਂਆਂ ਕੀਤੀਆਂ ਜਾਣਗੀਆਂ ਅਤੇ ਜ਼ੋਰ ਦੇ ਕੇ ਕਿਹਾ ਕਿ ਪ੍ਰੀਖਿਆ ਪੇਪਰ ਲੀਕ ਵਾਸਤੇ ਉਮਰ ਕੈਦ ਦੀ ਸਜ਼ਾ ਦੇਣ ਲਈ ਕਾਨੂੰਨ ਲਿਆਂਦਾ ਜਾਵੇਗਾ।ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਮੁਲਕ ਆਪਣੀ ਨੌਜਵਾਨੀ ਦੀ ਸੰਭਾਲ ਕਰਦੇ ਹਨ, ਉਹੀ ਦੁਨੀਆ ‘ਤੇ ਰਾਜ ਕਰਦੇ ਹਨ, ਜਿਸ ਦੀਆਂ ਵੱਡੀਆਂ ਉਦਾਹਰਣਾਂ ਅਮਰੀਕਾ ਅਤੇ ਚੀਨ ਹਨ। ਪ੍ਰੰਤੂ ਸਾਡੇ ਦੇਸ਼ ਅਤੇ ਪੰਜਾਬ ਵਿੱਚ ਨੌਜਵਾਨਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਨੌਜਵਾਨਾਂ ਨੂੰ ਸੜਕਾਂ ‘ਤੇ ਉੱਤਰ ਕੇ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੰਜਾਬ ਦੇ ਵਿਕਾਸ ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਕਰੀਬ 22 ਸਾਲ ਅਕਾਲੀ ਦਲ ਅਤੇ 20 ਸਾਲ ਕਾਂਗਰਸ ਨੇ ਰਾਜ ਕੀਤਾ ਹੈ। ਅੰਕੜੇ ਸਾਫ਼ ਦੱਸਦੇ ਹਨ ਕਿ ਪੰਜਾਬ ਦਾ ਅਸਲ ਵਿਕਾਸ ਸਿਰਫ਼ ਅਕਾਲੀ ਦਲ ਦੇ ਕਾਰਜਕਾਲ ਵਿੱਚ ਹੀ ਹੋਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਅਤੇ ਬੇਗਾਨਿਆਂ ਦੀ ਪਛਾਣ ਕਰਨ। ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਜੋ ਪੂਰੀ ਤਰ੍ਹਾਂ ਪੰਜਾਬ ਨੂੰ ਸਮਰਪਿਤ ਹੈ, ਜਦਕਿ ਦੂਜੀਆਂ ਪਾਰਟੀਆਂ ਦਿੱਲੀ ਦੇ ਇਸ਼ਾਰਿਆਂ ‘ਤੇ ਚੱਲ ਰਹੀਆਂ ਹਨ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਇੱਕ ਖਾਸ ਐਕਟ ਲਿਆਂਦਾ ਜਾਵੇਗਾ, ਜਿਸ ਤਹਿਤ ਸਰਕਾਰੀ ਨੌਕਰੀਆਂ ਵਿੱਚ 100 ਫ਼ੀਸਦ ਭਰਤੀ ਸਿਰਫ਼ ਪੰਜਾਬੀਆਂ ਲਈ ਹੀ ਲਾਜ਼ਮੀ ਕੀਤੀ ਜਾਵੇਗੀ। ਹਰ ਪ੍ਰਾਈਵੇਟ ਇੰਡਸਟਰੀ ਵਿੱਚ 70 ਫ਼ੀਸਦ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਲਈ ਰਾਖਵੀਆਂ ਹੋਣਗੀਆਂ।ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਅਤੇ ਵੇਟਨਰੀ ਕਾਲਜ ਸਥਾਪਿਤ ਕੀਤੇ ਜਾਣਗੇ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਦਾ ਖਾਕਾ ਤਿਆਰ ਕੀਤਾ ਹੈ ਬਲਕਿ ਉਹਨਾਂ ਨੂੰ ਹੁਨਰਮੰਦ ਵੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਕ ਵਾਰ ਅਸੀਂ ਸੱਤਾ ਵਿਚ ਆਏ ਤਾਂ ਵਰਲਡ ਸਕਿੱਲ ਯੂਨੀਵਰਸਿਟੀ ਸਥਾਪਿਤ ਕਰਾਂਗੇ ਜੋ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕੰਮ ਕਰੇਗੀ। ਉਹਨਾਂ ਕਿਹਾ ਕਿ ਮੈਂ ਟਾਟਾ, ਇਨਫੋਸਿਸ ਤੇ ਮਹਿੰਦਰਾ ਐਂਡ ਮਹਿੰਦਰਾ ਸਮੇਤ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਜੋ ਸਾਡੇ ਨੌਜਵਾਨਾਂ ਨੂੰ ਸਿੱਖਲਾਈ ਦੇਣਗੀਆਂ ਤਾਂ ਜੋ ਉਹਨਾਂ ਨੂੰ ਇਹਨਾਂ ਕੰਪਨੀਆਂ ਵਿਚ ਰੋਜ਼ਗਾਰ ਮਿਲ ਸਕੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਨੌਜਵਾਨਾਂ ਨੂੰ ਉਦਮੀ ਬਣਾਉਣ ਵਾਸਤੇ ਵੀ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਦੇਵਾਂਗੇ ਤਾਂ ਜੋ ਉਹ ਆਪਣੇ ਉਦਮ ਸ਼ੁਰੂ ਕਰ ਸਕਣ।
