ਚੰਡੀਗੜ੍ਹ, 29 ਸਤੰਬਰ
ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਪਾਰਟੀ ਦੀ 7 ਅਕਤੂਬਰ ਨੂੰ ਪਟਿਆਲਾ ਵਿਚ ਕੀਤੀ ਜਾਣ ਵਾਲੀ ‘ਜਬਰ ਵਿਰੋਧੀ ਰੈਲੀ’ ਨੇ ਕਾਂਗਰਸ ਸਰਕਾਰ ਨੂੰ ਤਾਪ ਚੜ੍ਹਾ ਦਿੱਤਾ ਹੈ। ਇਸ ਕਰਕੇ ਰੈਲੀ ਦੀ ਕਾਮਯਾਬੀ ਤੋਂ ਘਬਰਾਈ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਰੈਲੀ ਦੀਆਂ ਤਿਆਰੀਆਂ ਵਿਚ ਅੜਿੱਕੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਰੈਲੀ ਦੀ ਜਗ੍ਹਾ ਵਾਸਤੇ ਆਗਿਆ ਦੇਣ ਵਿਚ ਕੀਤੀ ਜਾ ਰਹੀ ਟਾਲ ਮਟੋਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਚਿੰਤਾ ਸਾਫ ਝਲਕਦੀ ਸੀ। ਸ੍ਰੀ ਢੀਂਡਸਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ਲਈ ਪ੍ਰਸਤਾਵਿਤ ਤਿੰਨੋਂ ਥਾਵਾਂ- ਪੋਲੋ ਗਰਾਊਂਡ, ਸ਼ਹਿਰ ਦੀ ਦਾਣਾ ਮੰਡੀ ਅਤੇ ਏਵੀਏਸ਼ਨ ਕਲੱਬ ਦੇ ਪਿਛਲੇ ਹਿੱਸੇ ਵਿਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ।