ਲੰਬੀ, 5 ਸਤੰਬਰ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਐੱਨਡੀਏ ਅਤੇ ਨਾ ਹੀ ‘ਇੰਡੀਆ’ ਦੇ ਨਾਲ ਹੈ। ਅਕਾਲੀ ਦਲ ਦਾ ਗੱਠਜੋੜ ਸਿਰਫ਼ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਨਾਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਸਿਰ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਉਹ ਹਲਕੇ ਦੇ ਪਿੰਡਾਂ ਵੜਿੰਗ ਖੇੜਾ, ਮੰਡੀ ਕਿੱਲਿਆਂਵਾਲੀ ਤੇ ਪਿੰਡ ਕਿੱਲਿਆਂਵਾਲੀ ਵਿੱਚ ਜਨ ਸੰਪਰਕ ਦੌਰੇ ਮੌਕੇ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ‘ਆਪ’ ਤੇ ਭਾਜਪਾ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਿਰਫ਼ ਪੰਜਾਬੀਆਂ ਦੀਆਂ ਵੋਟਾਂ ਨਾਲ ਸੱਤਾ ਹਾਸਲ ਕਰ ਕੇ ਪੰਜਾਬੀਆਂ ਨੂੰ ਆਪਣਾ ਹੱਥਠੋਕਾ ਬਣਾਉਣਾ ਚਾਹੁੰਦੇ ਹਨ। ਆਮ ਲੋਕਾਂ ਨੂੰ ਭੁਲੇਖੇ ਪਾਉਣ ਵਾਲੇ ਭਗਵੰਤ ਮਾਨ ਕੋਲ ਨਸ਼ਿਆਂ ਨਾਲ ਪੀੜਤ ਪਰਿਵਾਰਾਂ ਦੀ ਆਵਾਜ਼ ਸੁਣਨ ਦੀ ਵਿਹਲ ਨਹੀਂ ਹੈ ਅਤੇ ਹੁਣ ਦੂਜੇ ਸੂਬਿਆਂ ਵਿੱਚ ਜਾ ਕੇ ਝੂਠੀਆਂ ਗਾਰੰਟੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਤਹਿਤ ਕਾਂਗਰਸ ਅਤੇ ‘ਆਪ’ ਦੀ ਮਿਲੀਭੁਗਤ ਸਾਹਮਣੇ ਆ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ‘ਆਪ’ ਦੇ ਸੰਸਦ ਮੈਂਬਰਾਂ ਨੇ ਕਦੇ ਲੋਕ ਸਭਾ ਵਿੱਚ ਪੰਜਾਬ ਦੀ ਆਵਾਜ਼ ਨਹੀਂ ਚੁੱਕੀ। ਪਿੰਡ ਕਿੱਲਿਆਂਵਾਲੀ ਦੇ ਸਾਬਕਾ ਸਰਪੰਚ ਸੁਖਪਾਲ ਭਾਟੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ’ਚ ਚਾਰ ਵਾਟਰ ਵਰਕਸ ਬਣਵਾਏ ਸਨ। ਹੁਣ ‘ਆਪ’ ਸਰਕਾਰ ਵਿੱਚ ਇਨ੍ਹਾਂ ਵਾਟਰ ਵਰਕਸਾਂ ਨੂੰ ਜਿੰਦਰੇ ਲੱਗੇ ਹੋਣ ਕਰਕੇ ਪਿੰਡ ਵਾਸੀ ਪਾਣੀ ਲਈ ਭਟਕ ਰਹੇ ਹਨ। ਇਸ ਦੌਰਾਨ ਔਰਤਾਂ ਨੇ ਹਰਸਿਮਰਤ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਵੀ ਜਾਣੂ ਕਰਵਾਇਆ।