ਚੰਡੀਗੜ, ਅਕਾਲੀਆਂ ਦੇ ਕਹਿਣ ’ਤੇ ਕਿਸੇ ਐਸ.ਐਚ.ਓ. ਜਾਂ ਪੁਲਿਸ ਅਫਸਰ ਬਦਲਣ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਮੁੱਦੇ ’ਤੇ ਬਿਕਰਮ ਮਜੀਠੀਆ ਦੀ ਡੀ.ਜੀ.ਪੀ. ਨਾਲ ਮੀਟਿੰਗ ਨੂੰ ਅਕਾਲੀ ਸਰਕਾਰ ਦੌਰਾਨ ਝੂਠੇ ਪਰਚੇ ਦਰਜ ਕਰਨ ਵਿੱਚ ਉਸ ਦੀ ਸ਼ਮੂਲੀਅਤ ਦਾ ਭਾਂਡਾ ਭੱਜਣ ਦੇ ਡਰੋਂ ਧਿਆਨ ਹਟਾਉਣ ਦਾ ਕੋਝਾ ਯਤਨ ਕਰਾਰ ਦਿੱਤਾ ਹੈ।
ਸਾਬਕਾ ਅਕਾਲੀ ਮੰਤਰੀ ਵੱਲੋਂ ਡੀ.ਜੀ.ਪੀ. ਨਾਲ ਮੀਟਿੰਗ ਦੌਰਾਨ ਗੁਰਦਾਸਪੁਰ ਦੇ ਸੱਤ ਥਾਣਾ ਮੁਖੀਆਂ ਨੂੰ ਬਦਲਣ ਦੀ ਮੰਗ ਸਬੰਧੀ ਮੀਡੀਆ ਦੇ ਇਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ’ਤੇ ਸਖਤ ਪ੍ਰਤੀਕ੍ਰਮ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਝੂਠੇ ਪੁਲਿਸ ਮਾਮਲਿਆਂ ਦੀ ਜਾਂਚ ਕਰ ਰਹੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆੳਣ ’ਤੇ ਮਜੀਠੀਆ ਨੂੰ ਉਸ ਦਾ ਅਸਲ ਚਿਹਰਾ ਨੰਗਾ ਹੋ ਜਾਣ ਦਾ ਖੌਫ਼ ਸਤਾ ਰਿਹਾ ਹੈ ਕਿਉਂਕਿ ਉਸ ਦੇ ਆਪਣੇ ਹਲਕੇ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਕਿਤੇ ਵੱਧ ਹੈ।
ਮਜੀਠੀਆ ਵੱਲੋਂ ਅਕਾਲੀ ਵਰਕਰਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਾਂਗਰਸੀ ਵਰਕਰਾਂ ਦੀ ਸਿਫਾਰਸ਼ ’ਤੇ ਇਹਨਾਂ ਥਾਣਾ ਮੁਖੀਆਂ ਦੀ ਤਾਇਨਾਤੀ ਕਰਨ ਦੇ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਪੁਲਿਸ ਜਾਂ ਪ੍ਰਸ਼ਾਸਨਿਕ ਨਿਯੁਕਤੀਆਂ ਵਿੱਚ ਸਿਆਸੀ ਦਖਲਅੰਦਾਜ਼ੀ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ। ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਉਨਾਂ ਆਖਿਆ ਕਿ ਨਾ ਤਾਂ ਕੋਈ ਤਾਇਨਾਤੀ ਸਿਆਸੀ ਦਬਾਅ ਹੇਠ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਸਿਆਸਤਦਾਨ ਦੇ ਕਹਿਣ ’ਤੇ ਕਿਸੇ ਦੀ ਬਦਲੀ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਮਜੀਠੀਆ ਦੀ ਡੀ.ਜੀ.ਪੀ. ਨਾਲ ਮੀਟਿੰਗ ਦਾ ਸਵਾਗਤ ਹੈ ਪਰ ਉਸ ਦੇ ਚਾਹੁਣ ’ਤੇ ਐਸ.ਐਚ.ਓ. ਦੀ ਬਦਲੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਮਜੀਠੀਆ ਭਲੀਭਾਂਤ ਜਾਣੂੰ ਹੈ ਕਿ ਅਕਾਲੀਆਂ ਦੇ ਜਾਬਰ ਰਾਜ ਵਿੱਚ ਸਭ ਤੋਂ ਵੱਧ ਝੂਠੇ ਪੁਲਿਸ ਮਾਮਲੇ ਉਸ ਦੇ ਹੁਕਮਾਂ ’ਤੇ ਦਰਜ ਹੋਏ ਹਨ ਅਤੇ ਹੁਣ ਉਹ ਆਪਣੀ ਸ਼ਮੂਲੀਅਤ ਦਾ ਪਰਦਾਫਾਸ਼ ਹੋ ਜਾਣ ਦੇ ਡਰੋਂ ਆਪਣਾ ਬਚਾਅ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਝੂਠੇ ਕੇਸਾਂ ਵਿੱਚ ਫਸਾਏ ਹਜ਼ਾਰਾਂ ਬੇਕਸੂਰ ਲੋਕਾਂ ਲਈ ਨਿਆਂ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਕਿਉਂ ਜੋ ਮਜੀਠੀਆ ਤੇ ਹੋਰ ਅਕਾਲੀ ਲੀਡਰਾਂ ਵੱਲੋਂ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਫੈਲਾਈ ਗਈ ਸੀ। ਉਨਾਂ ਨੇ ਚੇਤਾਵਨੀ ਦਿੱਤੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਜਾਂਚ ਦੌਰਾਨ ਝੂਠੇ ਪਰਚੇ ਦਰਜ ਕਰਨ ਵਿੱਚ ਜੇਕਰ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸ਼ਾਸਨ ਵਿੱਚ ਪਾਰਦਰਸ਼ਤਾ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਿਨਾ ਕਿਸੇ ਦਬਾਅ ਦੇ ਕਾਨੂੰਨ ਮੁਤਾਬਕ ਕੰਮ ਕਰਨ ਦੀ ਖੁੱਲੀ ਛੁੱਟੀ ਦਿੱਤੀ ਹੋਈ ਹੈ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਬਿਨਾ ਕਿਸੇ ਦਬਾਅ ਤੋਂ ਪੁਲਿਸ ਫੋਰਸ ਦਾ ਕੰਮ-ਕਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ।