ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਵਾਰ ਫਿਰ ਸਿੱਖਾਂ ਦੀ ਘਟਦੀ ਆਬਾਦੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ‘ਚ ਇੱਕ ਮਾਨਸਿਕ ਗੁਲਾਮੀ ਆ ਗਈ ਹੈ ਕਿ ਜੇਕਰ ਪਹਿਲਾਂ ਪੁੱਤਰ ਹੋ ਜਾਵੇ ਤਾਂ ਬਹੁਤੇ ਅਗਲਾ ਜਵਾਕ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਭਰਾ ਦੀ ਭੈਣ ਵੀ ਚਾਹੀਦੀ ਹੈ ਤੇ ਭੈਣ ਦਾ ਭਰਾ ਚਾਹੀਦਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ ਚਾਹੀਦੇ ਹਨ, ਬਾਕੀ ਵੱਧ ਰੱਬ ਦੀ ਮਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਆਪਣਾ ਆਰਥਿਕ ਪੱਖ ਦੇਖ ਸਕਦਾ ਹੈ, ਪਰ ਇਹ ਸੋਚ ਤੇ ਸ਼ਰਮ ਛੱਡੀਏ ਕਿ ਬੱਚੇ ਨਹੀਂ ਕਰਨੇ ਹਨ। ਉਨ੍ਹਾਂ ਨੇ ਕਿਹਾ ਮੈਂ ਦੇਖਦਾ ਹਾਂ ਕਿ ਗਲੀਆਂ ‘ਚ ਰੌਣਕਾਂ ਘੱਟ ਗਈਆਂ ਹਨ ਤੇ ਮੈਦਾਨਾਂ ‘ਚ ਵੀ ਬੱਚੇ ਦੇਖਣ ਨੂੰ ਨਹੀਂ ਮਿਲਦੇ।
ਜਥੇਦਾਰ ਨੇ ਨੌਜਵਾਨਾਂ ‘ਚ ਵਿਆਹ ਦੇਰ ਨਾਲ ਕਰਵਾਉਣ ਦੇ ਰੁਝਾਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਛੜੇ ਵੀ ਬਹੁਤ ਹਨ ਤੇ ਮੈਂ ਹਰ ਥਾਂ ਕਹਿੰਦਾ ਹਾਂ ਕਿ ਜਿਹੜੇ 30+ ਹੋ ਗਏ ਹਨ, ਇਨ੍ਹਾਂ ਦੇ ਵਿਆਹ ਕਰੋ। ਰਿਸ਼ਤੇ ਕਰਵਾਓ ਤੇ ਭਾਣੀ ਨਾ ਮਾਰੋ। ਉਨ੍ਹਾਂ ਕਿਹਾ ਕਿ ਬਾਕੀਆਂ ਨਾਲੋਂ ਮਾਲਵੇ ਵਾਲੇ ਭਾਣੀ ਘੱਟ ਮਾਰਦੇ ਹਨ। ਉਨ੍ਹਾਂ ਨੇ ਲੜਕੀਆਂ ਦੀ ਆਬਾਦੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਅਖ਼ਬਾਰ ‘ਚ ਡਾਟਾ ਪੜ੍ਹਿਆ ਕਿ ਧੀਆਂ ਦੀ ਗਿਣਤੀ ਘਟ ਗਈ ਹੈ।
SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਨੂੰ ਦਿੱਤੇ ਗਏ ਸੁਨੇਹੇ ਦੀ ਸ਼ਲਾਘਾ ਕਰਦਿਆਂ ਖਾਸ ਤੌਰ ’ਤੇ ਉਨ੍ਹਾਂ ਦੇ ਸਿੱਖ ਪਰਿਵਾਰਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੇ ਸੱਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ‘ਸਿੱਖ ਕੌਮ ਦੀ ਅਗਲੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਅਤੇ ਕੌਮ ਦੀ ਆਬਾਦੀ ਨੂੰ ਮਜ਼ਬੂਤ ਬਣਾਉਣ ਦੇ ਪੱਖ ਤੋਂ ਜਥੇਦਾਰ ਵੱਲੋਂ ਦਿੱਤਾ ਗਿਆ ਇਹ ਸੁਨੇਹਾ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰ ਆਪਣੀ ਨਵੀਂ ਪੀੜ੍ਹੀ ਨੂੰ ਗੁਰਬਾਣੀ, ਗੁਰਮਤਿ, ਸਿੱਖ ਇਤਿਹਾਸ ਅਤੇ ਸਿੱਖੀ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨ ਵੱਲ ਵਿਸ਼ੇਸ਼ ਧਿਆਨ ਦੇਣ।’
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ-ਜਾਚ ਨਾਲ ਜੋੜਨ ਦਾ ਉਪਰਾਲਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਸਮਾਗਮਾਂ ਰਾਹੀਂ ਜਿੱਥੇ ਸੰਗਤਾਂ ਨੂੰ ਆਤਮਿਕ ਪ੍ਰੇਰਣਾ ਮਿਲਦੀ ਹੈ, ਉੱਥੇ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਸਿੱਖ ਵਿਰਸੇ ਨਾਲ ਜੋੜਨ ਦਾ ਵੀ ਮੌਕਾ ਮਿਲਦਾ ਹੈ।
