ਮੁੰਬਈ— ਅਦਾਕਾਰਾ ਵਿਦਿਆ ਬਾਲਨ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀ. ਬੀ. ਐੱਫ. ਸੀ.) ਦੇ ਨਵੇਂ ਚੁਣੇ ਮੈਂਬਰਾਂ ‘ਚੋਂ ਇਕ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹੈ ਕਿ ਬੋਰਡ ਵਿਚ ‘ਇਕੋ ਜਿਹੀ ਵਿਚਾਰਧਾਰਾ’ ਵਾਲੇ ਲੋਕ ਹਨ। ਹਾਲ ਹੀ ਵਿਚ ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਨੇ ਸੀ. ਬੀ. ਐੱਫ. ਸੀ. ਦੇ ਪ੍ਰਧਾਨ ਦੇ ਤੌਰ ‘ਤੇ ਪਹਿਲਾਜ ਨਿਹਲਾਨੀ ਦੀ ਥਾਂ ਲਈ ਸੀ। ਸਰਕਾਰ ਨੇ ਬੋਰਡ ਦਾ ਪੁਨਰਗਠਨ ਵੀ ਕੀਤਾ, ਜਿਸ ਨਾਲ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ, ਨਰਿੰਦਰ ਕੋਹਲੀ, ਵਾਨੀ ਤ੍ਰਿਪਾਠੀ ਟਿੱਕੂ, ਗੌਤਮੀ ਤੜੀਮੱਲਾ ਵਰਗੇ ਨਵੇਂ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਸੀ. ਬੀ. ਐੱਫ. ਸੀ. ਦਾ ਹਿੱਸਾ ਬਣਨ ਦੇ ਆਪਣੇ ਫੈਸਲੇ ਬਾਰੇ ਪੁੱਛੇ ਜਾਣ ‘ਤੇ ਵਿਦਿਆ ਨੇ ਕਿਹਾ ਕਿ ਮੈਂ ਸੋਚਿਆ ਕਿ ਜੇ ਮੈਂ ਇਸ ਨੂੰ ਹਾਂ ਨਹੀਂ ਕਿਹਾ ਤਾਂ ਮੈਨੂੰ ਸੀ. ਬੀ. ਐੱਫ. ਸੀ. ਵਲੋਂ ਲਏ ਗਏ ਕਿਸੇ ਵੀ ਫੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਮੈਨੂੰ ਲੱਗਦਾ ਹੈ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹਾਂ। ਉਸ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਸਾਡਾ ਰੁਖ ਕੀ ਹੋਵੇਗਾ ਜਾਂ ਸਾਡੇ ਫੈਸਲੇ ਕਿਸ ‘ਤੇ ਆਧਾਰਿਤ ਹੋਣਗੇ ਪਰ ਹਾਲ ਹੀ ਵਿਚ ਅਸੀਂ ਇਕ ਬੈਠਕ ਕੀਤੀ ਅਤੇ ਮੈਨੂੰ ਲੱਗਿਆ ਕਿ ਬੋਰਡ ਵਿਚ ਸਾਰੇ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕ ਹਨ।