ਪੰਜਾਬੀ ਗਾਇਕ ਰਣਜੀਤ ਬਾਵਾ ਨੇ 5 ਸਾਲ ਪੁਰਾਣੇ ਇੱਕ ਗਾਣੇ ਨਾਲ ਜੁੜੇ ਵਿਵਾਦ ਬਾਰੇ ਅਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਬਾਵਾ ਨੇ ਕਿਹਾ ਕਿ ਉਸ ਨੇ ਪੰਜ ਸਾਲ ਪਹਿਲਾਂ ਆਪਣੇ ਚੈਨਲ ਤੋਂ “ਕਸੂਰ” ਗਾਣਾ ਡਿਲੀਟ ਕਰ ਦਿੱਤਾ ਸੀ। ਕੁਝ ਲੋਕ ਉਸ ਦੇ ਸ਼ੋਅ ਨੂੰ ਰੱਦ ਕਰਵਾਉਣ ਲਈ ਇਸ ਵਿਵਾਦ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਨ। ਅਜਿਹੇ ਲੋਕ ਖੋਖਲੀ ਪ੍ਰਸਿੱਧੀ ਅਤੇ ਟੀਆਰਪੀ ਪਾਉਣਾ ਚਾਹੁੰਦੇ ਹਨ।
ਉਸ ਨੇ ਕਿਹਾ ਕਿ ਸਾਰੇ ਧਰਮ ਮੈਨੂੰ ਪਿਆਰੇ ਹਨ। ਮੈਂ ਕਦੇ ਵੀ ਕਿਸੇ ਧਰਮ ਦਾ ਮਜ਼ਾਕ ਨਹੀਂ ਉਡਾਇਆ ਅਤੇ ਨਾ ਹੀ ਕਦੇ ਅੱਗੇ ਹੋਵੇਗਾ। ਗਾਣੇ ਨਾਲ ਜੁੜੇ ਵਿਵਾਦ ਤੋਂ ਬਾਅਦ ਮੈਂ ਕਦੇ ਉਸ ਨੂੰ ਗਾਇਆ ਤੱਕ ਨਹੀਂ। ਇਸ ਦੀ ਬਜਾਏ ਜਿਨ੍ਹਾਂ ਲੋਕਾਂ ਕੋਲ ਮੇਰੇ ਵਿਰੁੱਧ ਪੈਂਫਲੇਟ ਸਨ, ਉਹ ਇਸਨੂੰ ਆਪਣੇ ਪੇਜਾਂ ‘ਤੇ ਸਾਂਝਾ ਕਰਕੇ ਇਸ ਦਾ ਪ੍ਰਚਾਰ ਕਰ ਰਹੇ ਹਨ।
ਦੱਸ ਦੇਈਏ ਕਿ ਪੰਜ ਸਾਲ ਪਹਿਲਾਂ ਰਿਲੀਜ਼ ਹੋਏ ਰਣਜੀਤ ਬਾਵਾ ਦੇ ਗੀਤ “ਕਸੂਰ” ਨਾਲ ਵਿਵਾਦ ਛਿੜ ਗਿਆ ਸੀ। ਵੀਐਚਪੀ ਨੇ ਦੋਸ਼ ਲਗਾਇਆ ਸੀ ਕਿ ਇਸ ਵਿੱਚ ਹਿੰਦੂ ਧਰਮ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਹਨ, ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਜਲੰਧਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਗਾਇਕ ਰਣਜੀਤ ਬਾਵਾ ਨੇ ਕਿਹਾ, 5 ਸਾਲ ਪੁਰਾਣੇ ਮੁੱਦਿਆਂ ਨੂੰ ਨਾ ਚੁੱਕੋ। ਬਿਨਾਂ ਮਤਲਬ ਫਸਾਦ ਨਾ ਖੜ੍ਹਾ ਕਰਿਆ ਕਰੋ। ਮੈਂ 5 ਸਾਲਾਂ ਵਿਚ ਇਸ ਗੀਤ ਨੂੰ ਕਦੇ ਸ਼ੇਅਰ ਨਹੀਂ ਕੀਤਾ, ਤੁਸੀਂ ਖੁਦ ਹੀ ਪੰਗਾ ਲੈਂਦੇ ਹੋ ਤੇ ਫਿਰ ਖੁਦ ਹੀ ਪਰਚਾ ਕਰਵਾ ਦਿੰਦੇ ਹੋ। ਵਾਰ-ਵਾਰ ਪੇਜਾਂ ‘ਤੇ ਪਾ ਕੇ ਦੁਨੀਆ ਵਿਚ ਤੁਸੀਂ ਖੁਦ ਹੀ ਇਸ ਗਾਣੇ ਦ ਪ੍ਰਚਾਰ ਕਰ ਰਹੇ ਹੋ। ਉਸ ਨੇ ਕਿਹਾ ਕਿ ਬਿਨਾਂ ਮਤਲਬ TRP ਵਧਾਉਣ ਲਈ ਰੌਲਾ ਨਾ ਪਾਇਆ ਕਰੋ। ਮੈਂ ਤਾਂ ਗੀਤ ਡਿਲੀਟ ਕਰ ਦਿੱਤਾ ਹੈ। ਤੁਸੀਂ ਖੁਦ ਹੀ ਗੀਤ ‘ਤੇ ਵਿਵਾਦ ਛੇੜਣ ਤਂ ਬਾਜ ਨਹੀਂ ਆਉਂਦੇ। ਬਾਵਾ ਨੇ ਕਿਹਾ ਕਿ ਖੁਸ਼ ਰਿਹਾ ਕਰੋ ਤੇ ਸਾਰੇ ਧਰਮਾਂ ਨਾਲ ਪਿਆਰ ਕਰੋ। ਹਿੰਦੂ ਧਰਮ ਵੀ ਸਾਡਾ ਆਪਣਾ ਹੈ, ਸਿੱਖ ਵੀ ਆਪਣਾ ਹੈ। ਸਾਰੇ ਧਰਮ ਪਿਆਰੇ ਹਨ, ਸਾਡੇ ਸਾਂਝੇ ਹਨ।
ਧਿਆਨਦੇਣ ਯੋਗ ਹੈ ਕਿ ਪੰਜ ਸਾਲ ਪਹਿਲਾਂ, ਹਿੰਦੂ ਨੇਤਾ ਅਤੇ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਤਤਕਾਲੀ ਮੀਡੀਆ ਇੰਚਾਰਜ, ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ “ਕਸੂਰ” ਗੀਤ ਸਬੰਧੀ ਜਲੰਧਰ ਦੇ ਡਿਵੀਜ਼ਨ-3 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸਦੀ ਇੱਕ ਕਾਪੀ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਭੇਜੀ ਗਈ ਸੀ। ਸਰੀਨ ਨੇ ਗੀਤ ਦੇ ਲੇਖਕ ਰਣਜੀਤ ਬਾਵਾ, ਸੰਗੀਤ ਨਿਰਦੇਸ਼ਕ ਗੁਰਮੋਹ, ਵੀਡੀਓ ਨਿਰਦੇਸ਼ਕ ਧੀਮਾਨ ਪ੍ਰੋਡਕਸ਼ਨ ਅਤੇ ਬੁੱਲ 18 ਕੰਪਨੀ ਵਿਰੁੱਧ ਵੀ ਸ਼ਿਕਾਇਤ ਦਰਜ ਕਰਵਾਈ ਸੀ।
