ਨਵੀਂ ਦਿੱਲੀ, 7 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ‘ਗਿਲਟੀ’ ਵਿਚ ਇਕ ਮਾੜੇ ਚਰਿੱਤਰ ਵਾਲੇ ਕਿਰਦਾਰ ਦਾ ਨਾਂ ‘ਨਾਨਕੀ’ ਰੱਖਣ ‘ਤੇ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਤੇ ਨੈਟਫਲਿੱਕਸ ਨੂੰ ਲੀਗਲ ਨੋਟਿਸ ਭੇਜਿਆ ਹੈ। ਉਹਨਾਂ ਨੇ ਫਿਲਮ ‘ਅਪਰੇਸ਼ਨ ਪਰਿੰਦੇ’ ‘ਚ ਅੰਮ੍ਰਿਤਧਾਰੀ ਸਿੰਘਾਂ ਨੂੰ ਅਤਿਵਾਦੀ ਦੱਸਣ ‘ਤੇ ਜ਼ੀ ਟੀ ਵੀ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਦੋਵਾਂ ਫਿਲਮਾਂ ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਆਪਣੇ ਵਕੀਲ ਅਵਨੀਤ ਕੌਰ ਰਾਹੀਂ ਭੇਜ ਨੋਟਿਸ ਵਿਚ ਸ੍ਰੀ ਸਿਰਸਾ ਨੇ ਡਾਇਰੈਕਟਰ ਰੁਚੀ ਨਰਾਇਣ, ਧਰਮਾ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਿਊਸਰ ਤੇ ਨੈਟਫਲਿੱਕਸ ਐਂਟਰਟੇਲਮੈਂਟ ਸਰਵਿਸਿਜ਼ ਲਿਮਟਿਡ ਨੂੰ ਆਖਿਆ ਹੈ ਕਿ ਉਹ ਫਿਲਮ ਅਤੇ ਇਸਦੇ ਪ੍ਰੋਮੋ ਤੁਰੰਤ ਡਲੀਟ ਕਰਨ ਅਤੇ ਸਿੱਖ ਸੰਗਤ ਕੋਲੋਂ ਮੁਆਫੀ ਮੰਗਣ ਨਹੀਂ ਤਾਂ ਉਹ ਮਾਮਲੇ ਨੂੰ ਅਦਾਲਤ ਵਿਚ ਲਿਜਾਣਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਦਾ ਨਾਂ ਸੀ ਤੇ ਸਿੱਖ ਇਤਿਹਾਸ ਵਿਚ ਉਹਨਾਂ ਦੀ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਕਿਹਾ ਕਿ ਇਹ ਨਾਂ ਫਿਲਮ ਵਿਚ ਇਕ ਕਿਰਦਾਰ ਲਈ ਵਰਤਿਆ ਗਿਆ ਜੋ ਕਿਆਰਾ ਅਡਵਾਨੀ ਨੇ ਨਿਭਾਇਆ ਹੈ ਤੇ ਫਿਲਮ ਵਿਚ ਇਹ ਕਿਰਦਾਰ ਸਿਗਰਟਨੋਸ਼ੀ ਕਰਦਾ, ਸ਼ਰਾਬ ਪੀਂਦਾ ਤੇ ਸੈਕਸ ਕਰਦਾ ਤੇ ਨਸ਼ਿਆਂ ਦਾ ਸੇਵਨ ਕਰਦਾ ਨਜ਼ਰ ਆਉਂਦਾ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਵੈਬਸਾਈਟ ‘ਤੇ ਚਲ ਰਹੇ ਇਸ਼ਤਿਹਾਰ ਤੇ ਪ੍ਰੋਮੋ ਦੀ ਵੀਡੀਓ ਵਿਚ ਧਰਮ ਦਾ ਨਾਂ ਦੀ ਗੈਰ ਕਾਨੂੰਨੀ ਤੇ ਮਾੜੇ ਤਰੀਕੇ ਵਰਤੋਂ ਨਜ਼ਰ ਆਉਂਦੀ ਹੈ।
ਉਹਨਾਂ ਕਿਹਾ ਕਿ ਫਿਲਮ ਦੇ ਮੁੱਖ ਕਿਰਦਾਰ ਦਾ ਨਾਂ ‘ਨਾਨਕੀ’ ਰੱਖ ਕੇ ਉਸਨੂੰ ਨਸ਼ਿਆਂ, ਸ਼ਰਾਬ, ਸਿਗਰਟਨੋਸ਼ੀ ਤੇ ਸੈਕਸ ਨਾਲ ਜੋੜਨਾ ਇਕ ਧਾਰਮਿਕ ਅਪਰਾਧ ਵਾਲੀ ਕਾਰਵਾਈ ਹੈ ਜਿਸਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਪਾਵਨਾਵਾਂ ਨੂੰ ਸੱਟ ਮਾਰੀ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਦੇ ਪਵਿੱਤਰ ਨਾਂ ਦਾ ਅਕਸ ਖਰਾਬ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਦੱਸੀ ਰਹਿਤ ਮਰਿਆਦਾ ਵਿਚ ਸਿਗਰਟਨੋਸ਼ੀ, ਨਸ਼ੇ ਕਰਨ ਤੇ ਸ਼ਰਾਬ ਪੀਣ ਦੀ ਸ਼ਖਤ ਮਨਾਹੀ ਹੈ ।
ਉਹਨਾਂ ਕਿਹਾ ਕਿ ਇਹ ਪ੍ਰੋਡਿਊਸਰ ਤੇ ਬਰੋਡਕਾਸਟਰ ਦੀ ਜ਼ਿੰਮੇਵਾਰੀ ਬਣਦੀ ਹੈ ਜਿਹਨਾਂ ਨੇ ਇਸ ਕਿਰਦਾਰ ਦਾ ਨਾਂ ਨਾਨਕੀ ਰੱਖ ਕੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਅਪਮਾਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਕਾਨੂੰਨੀ ਤਰੀਕਿਆਂ ਨਾਲ ਅਜਿਹੀ ਮਾਣਹਾਨੀ ਰੋਕੀ ਜਾਵੇਗੀ।
ਉਹਨਾਂ ਨੇ ਤਿੰਨਾਂ ਨੂੰ ਨੋਟਿਸ ਪ੍ਰਾਪਤ ਹੋਣ ਦੇ 24 ਘੰਟਿਆਂ ਅੰਦਰ ਫਿਲਮ ‘ਗਿਲਟੀ’ ਅਤੇ ਇਸਦੇ ਪ੍ਰੋਮੋ ਨੂੰ ਡਲੀਟ ਕਰਨ ਜਾਂ ਹਟਾਉਣ ਅਤੇ ਬਿਨਾਂ ਸ਼ਰਤ ਸਿੱਖ ਸੰਗਤ ਕੋਲੋਂ ਮੁਆਫੀ ਮੰਗਣ ਲਈ ਕਿਹਾ।
ਇਸ ਦੌਰਾਨ ਸ੍ਰੀ ਸਿਰਸਾ ਨੇ ਫਿਲਮ ‘ਅਪਰੇਸ਼ਨ ਪਰਿੰਦੇ’ ਦੇ ਪ੍ਰੋਡਿਊਸਰ, ਡਾਇਰੈਕਟਰ ਤੇ ਜ਼ੀ 5 ਫਿਲਮ ਨੂੰ ਵੀ ਲੀਗਲ ਨੋਟਿਸ ਭੇਜਿਆ ਹੈ। ਉਹਨਾਂ ਦੱਸਿਆ ਕਿ ਇਸ ਫਿਲਮ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਅਤਿਵਾਦੀ ਦੱਸਿਆ ਗਿਆ ਹੈ ਤੇ ਇਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਉਹ ਸਿੱਖ ਹੁੰਦਾ ਹੈ ਜੋ ਰੱਬ ਦੀ ਸੇਵਾ ਵਾਸਤੇ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਣ ਬੁੱਝ ਕੇਸਾਜ਼ਿਸ਼ਾਂ ਰਚੀਆਂ ਰਹੀਆਂ ਹਨ। ਉਹਨਾਂ ਨੂੰ ਭਾਰਤ ਵਿਚ ਉਸ ਵੇਲੇ ਅਤਿਵਾਦੀ ਕਰਾਰ ਦਿੱਤਾ ਜਾ ਰਿਹਾ ਹੈ ਜਦੋਂ ਦੁਨੀਆਂ ਭਰ ਵਿਚ ਵੱਖ ਵੱਖ ਮੁਲਕਾਂ ਵਿਚ ਸਿੱਖਾਂ ਦੀ ਵਡਿਆਈ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਨੇ ਵੀ ਹਾਲ ਹੀ ਵਿਚ ਕਰਤਾਰਪੁਰ ਸਾਹਿਬ ਲਾਂਘੇ ਅਤੇ ਸਿੱਖਾਂ ‘ਤੇ ਸਵਾਲ ਉਠਾ ਕੇ ਸਿੱਖਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀ ਤੇ ਹੁਣ ਜ਼ੀ ਟੀ ਵੀ ਨੇ ਫਿਲਮ ਰਾਹੀਂ ਅਜਿਹਾ ਯਤਨ ਕੀਤਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਸਿੱਖ ਕਦੇ ਵੀ ਅਜਿਹੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਕਰਨਗੇ ਅਤੇ ਗਲਤੀ ਕਰਨ ਵਾਲਿਆਂ ਨੂੰ ਦਰੁਸਤ ਕਰਨ ਵਾਸਤੇ ਲੋੜੀਂਦਾ ਹਰ ਕਦਮ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਫਿਲਮ ‘ਅਪਰੇਸ਼ਨ ਪਰਿੰਦੇ’ ਜ਼ੀ 5 ‘ਤੇ ਵਿਖਾਈ ਜਾ ਰਹੀ ਹੈ ਤੇ ਇਸਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਤੇ ਪ੍ਰੋਡਿਊਸਰ ਤੇ ਡਾਇਰੈਕਟਰ ਸਿੱਖਾਂ ਦੀ ਬਦਨਾਮੀ ਕਰਨ ਦੇ ਯਤਨਾਂ ਲਈ ਸਿੱਖ ਸੰਗਤ ਤੋਂ ਤੁਰੰਤ ਮੁਆਫੀ ਵੀ ਮੰਗਣ।