ਨਵੀ ਦਿੱਲੀ : ਰਾਮ ਮੰਦਰ ਅੰਦੋਲਨ ਦੇ ਮੋਹਰੀ ਸੰਤ ਅਤੇ ਸਾਬਕਾ ਸੰਸਦ ਮੈਂਬਰ ਡਾ. ਰਾਮ ਵਿਲਾਸ ਦਾਸ ਵੇਦਾਂਤੀ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਆਖਰੀ ਸਾਹ ਲਿਆ। ਇੱਕ ਕਥਾ ਮਹੋਤਸਵ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਡਾ. ਵੇਦਾਂਤੀ 7 ਦਸੰਬਰ ਨੂੰ ਵੀਐਚਪੀ ਦੇ ਕੇਂਦਰੀ ਮਾਰਗਦਰਸ਼ਨ ਬੋਰਡ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਤੋਂ ਦਿੱਲੀ ਗਏ ਸਨ।10 ਦਸੰਬਰ ਨੂੰ ਉਹ ਦਿੱਲੀ ਤੋਂ ਰੀਵਾ ਪਹੁੰਚੇ। ਉੱਥੇ ਉਨ੍ਹਾਂ ਦੀ ਰਾਮ ਕਥਾ ਚੱਲ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਦੋ ਦਿਨਾਂ ਲਈ ਰੀਵਾ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਨੇ ਉਨ੍ਹਾਂ ਨੂੰ ਏਅਰਲਿਫਟ ਕਰਕੇ ਭੋਪਾਲ ਏਮਜ਼ ਲਿਜਾਣਾ ਸੀ।ਏਅਰ ਐਂਬੂਲੈਂਸ ਰੀਵਾ ਪਹੁੰਚੀ, ਪਰ ਖਰਾਬ ਮੌਸਮ ਕਾਰਨ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨਤੀਜੇ ਵਜੋਂ ਉਹਨਾਂ ਨੂੰ ਏਮਜ਼ ਨਹੀਂ ਲਿਜਾਇਆ ਜਾ ਸਕਿਆ।
ਰਾਮਵਿਲਾਸ ਵੇਦਾਂਤੀ ਹਨੂੰਮਾਨਗੜ੍ਹੀ ਦੇ ਮਹੰਤ ਅਭਿਰਾਮ ਦਾਸ ਦੇ ਚੇਲੇ ਸਨ। ਉਹ ਅਯੁੱਧਿਆ ਵਿਚ ਹਿੰਦੂ ਧਰਮ ਅਸਥਾਨ ਨਯਾ ਘਾਟ ਵਿਖੇ ਰਹਿੰਦੇ ਸੀ। ਉਨ੍ਹਾਂ ਦਾ ਵਸ਼ਿਸ਼ਟ ਭਵਨ ਨਾਮ ਦਾ ਇੱਕ ਆਸ਼ਰਮ ਵੀ ਹੈ। ਉਨ੍ਹਾਂ ਨੇ ਰਾਮ ਲੱਲਾ ਅਤੇ ਹਨੂੰਮਾਨਗੜ੍ਹੀ ਦੇ ਸਾਹਮਣੇ ਕਈ ਦਹਾਕਿਆਂ ਤੱਕ ਰਾਮ ਕਥਾ ਕੀਤੀ। ਦੱਸ ਦਈਏ ਉਹਨਾਂ ਨੂੰ ਇੱਕ ਪ੍ਰਸਿੱਧ ਸੰਸਕ੍ਰਿਤ ਵਿਦਵਾਨ ਮੰਨਿਆ ਜਾਂਦਾ ਸੀ। ਉਹਨਾਂ ਨੇ ਰਾਮ ਜਨਮ ਭੂਮੀ ਟਰੱਸਟ ਦੇ ਮੈਂਬਰ ਵਜੋਂ ਸੇਵਾ ਨਿਭਾਈ ਅਤੇ ਭਾਜਪਾ ਦੀ ਟਿਕਟ ‘ਤੇ ਸੰਸਦ ਮੈਂਬਰ ਵੀ ਬਣੇ। ਰਾਮ ਵਿਲਾਸ ਵੇਦਾਂਤੀ ਦਾ ਸਰੀਰ ਦੇਰ ਸ਼ਾਮ ਤੱਕ ਅਯੁੱਧਿਆ ਪਹੁੰਚ ਜਾਵੇਗਾ, ਜਿੱਥੇ ਮੰਗਲਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਮੰਗਲਵਾਰ ਸਵੇਰੇ 10:00 ਵਜੇ ਸ਼ੁਰੂ ਹੋਵੇਗੀ।
