ਚੰਡੀਗੜ੍ਹ, 11 ਅਕਤੂਬਰ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੂੰ ਨਿਯਮਾਂ ਦੀ ਅਣਦੇਖੀ ਕਰਕੇ ਪੰਜਾਬ ਪੁਲੀਸ ’ਚ ਡੀਐਸਪੀ ਨਿਯੁਕਤ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਅਤੇ ਹੁਣ ਮੁੱਖ ਮੰਤਰੀ ਦਫ਼ਤਰ (ਸੀਐਮਓ) ’ਚ ਰਾਜਸੀ ਤੌਰ ’ਤੇ ਨਿਯੁਕਤ ਇਕ ਪ੍ਰਭਾਵਸ਼ਾਲੀ ਵਿਅਕਤੀ ਨੇ ਇਕ ਸਾਬਕਾ ਫ਼ੌਜੀ ਨੂੰ ਡੀਐਸਪੀ ਭਰਤੀ ਕਰਾਉਣ ਲਈ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰਇਕਬਾਲ ਸਿੰਘ ਦੇ ਮਾਮਲੇ ’ਚ ਕੈਪਟਨ ਸਰਕਾਰ ਨੇ ਉਮਰ ਤੇ ਵਿਦਿਅਕ ਯੋਗਤਾ ’ਚ ਛੋਟ ਦਿੱਤੀ ਹੈ। ਇਸ ਕਾਰਨ ਸਰਕਾਰ ਨੂੰ 200 ਕੰਟਰੈਕਟ ਮੁਲਾਜ਼ਮਾਂ ਦੀ ਨਿਰਾਜ਼ਗੀ ਝੱਲਣੀ ਪੈ ਰਹੀ ਹੈ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਨੂੰ ਸੂਬੇ ਤੋਂ ਬਾਹਰੀ ਯੂਨੀਵਰਸਿਟੀਆਂ ਤੋਂ ਡਿਸਟੈਂਸ ਐਜੂਕੇਸ਼ਨ ਰਾਹੀਂ ਡਿਗਰੀਆਂ ਕਾਰਨ ਸੇਵਾਵਾਂ ਰੈਗੂਲਰ ਕਰਨ ਤੋਂ ਜਵਾਬ ਦੇ ਦਿੱਤਾ ਸੀ।
ਸਾਬਕਾ ਫ਼ੌਜੀਆਂ ਦੇ ਕੋਟੇ ਤਹਿਤ ਹੁਣ ਸਾਬਕਾ ਮੇਜਰ ਸਮੀਰ ਸਿੰਘ ਦੀ ਨਿਯੁਕਤੀ ਲਈ ਕੱਦ ’ਚ ਛੋਟ ਦਿੱਤੀ ਜਾ ਰਹੀ ਹੈ। ਸਾਲ ਭਰ ਇਹ ਮਾਮਲਾ ਠੰਢੇ ਬਸਤੇ ’ਚ ਪਿਆ ਰਿਹਾ ਪਰ ਸੱਤਾ ਤਬਦੀਲੀ ਬਾਅਦ ਇਸ ਨਿਯੁਕਤੀ ਲਈ ਗ੍ਰਹਿ ਤੇ ਪ੍ਰਸੋਨਲ ਵਿਭਾਗ ਨੂੰ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ। ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਗ੍ਰਹਿ ਵਿਭਾਗ ਵੱਲੋਂ ਲੋੜੀਂਦੀ ਕਾਰਵਾਈ ਲਈ ਫਾਈਲ ਅੱਗੇ ਤੋਰੀ ਗਈ ਪਰ ਕਾਨੂੰਨ ਵਿਭਾਗ ਨੇ ਇਸ ’ਤੇ ਇਤਰਾਜ਼ ਲਗਾ ਦਿੱਤਾ ਹੈ। ਕੱਦ ’ਚ ਛੋਟ ਬਾਰੇ ਗ੍ਰਹਿ ਵਿਭਾਗ ਦੇ ਹੁਕਮਾਂ ਉਤੇ ਕਾਨੂੰਨ ਵਿਭਾਗ ਨੇ ਕਿਹਾ ਕਿ ਡੀਐਸਪੀ ਦੀ ਇਸ ਅਸਾਮੀ ਲਈ ਭਰਤੀ ਪ੍ਰਕਿਰਿਆ ਸਮੇਂ 5 ਫੁੱਟ 7 ਇੰਚ ਕੱਦ ਰੱਖਿਆ ਗਿਆ ਸੀ। ਭਰਤੀ ਪ੍ਰਕਿਰਿਆ ਸ਼ੁਰੂ ਹੋਣ ਬਾਅਦ ਨਿਯਮ ਬਦਲੇ ਨਹੀਂ ਜਾ ਸਕਦੇ। ਇਸ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ। ਨਵੀਂ ਪੋਸਟ ਖਾਲ੍ਹੀ ਹੋਣ ’ਤੇ ਨਿਯਮਾਂ ’ਚ ਛੋਟ ਬਾਰੇ ਇਸ਼ਤਿਹਾਰ ਦੇ ਕੇ ਇਹ ਅਸਾਮੀ ਭਰੀ ਜਾ ਸਕਦੀ ਹੈ।