ਨਵੀਂ ਦਿੱਲੀ, 31 ਅਗਸਤ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਦੇ ਇਸ ਦਾਅਵੇ ਕਿ ਉਨ੍ਹਾਂ ਦਾ ਆਪਣੇ ਭਰਾ ਰਾਹੁਲ ਗਾਂਧੀ ਨਾਲ ‘ਝਗੜਾ’ ਚੱਲ ਰਿਹਾ ਹੈ, ਲਈ ਭਗਵਾ ਪਾਰਟੀ ਨੂੰ ਭੰਡਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਉਹ ਦੋਵੇਂ ਭੈਣ-ਭਰਾ ਮਿਲ ਕੇ ਸੱਤਾਧਾਰੀ ਪਾਰਟੀ ਦੇ ‘ਝੂਠ, ਲੂਟ ਤੇ ਖੋਖਲੇ ਪ੍ਰਾਪੇਗੰਡੇ’ ਨੂੰ ਜੜ੍ਹੋਂ ਪੁੱਟ ਸੁੱਟਣਗੇ। ਭਾਜਪਾ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਸੀ ਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦਰਮਿਆਨ ‘ਤਲਖੀ’ ਚੱਲ ਰਹੀ ਹੈ। ਮਾਲਵੀਆ ਨੇ ੲਿਕ ਵੀਡੀਓ ਵੀ ਪਾਈ, ਜਿਸ ਵਿਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਵਿਚਾਲੇ ‘ਸਿਆਸੀ ਤਲਖੀ’ ਦੀ ਗੱਲ ਕੀਤੀ ਗਈ ਹੈ। ਭਾਜਪਾ ਆਗੂ ਦੇ ਇਨ੍ਹਾਂ ਦਾਅਵਿਆਂ ਦੇ ਪ੍ਰਤੀਕਰਮ ਵਿਚ ਪ੍ਰਿਯੰਕਾ ਗਾਂਧੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਭਾਜਪਾ ਦੇ ਲੋਕੋ, ਮਹਿੰਗਾਈ ਤੇ ਬੇਰੁਜ਼ਗਾਰੀ ਦੇ ਇਸ ਸਮੇਂ ਵਿੱਚ ਕੀ ਤੁਹਾਡੇ ਕੋਲ ਇਹੀ ਊਲ-ਜਲੂਲ ਮਸਲਾ ਬਚਿਆ ਸੀ? ਮਾਫ਼ ਕਰਿਓ…ਪਰ ਤੁਹਾਡੇ ਤੰਗਦਿਲ ਦਿਮਾਗ ਦਾ ਇਹ ਸੁਫ਼ਨਾ ਕਦੇ ਸੱਚ ਨਹੀਂ ਹੋਵੇਗਾ। ਰਾਹੁਲ ਤੇ ਮੇਰੇ ਵਿਚਾਲੇ ਇਕ ਦੂਜੇ ਪ੍ਰਤੀ ਹਮੇਸ਼ਾ ਪਿਆਰ, ਭਰੋਸਾ, ਸਤਿਕਾਰ ਤੇ ਵਫ਼ਾਦਾਰੀ ਸੀ ਤੇ ਹਮੇਸ਼ਾ ਰਹੇਗੀ।’’ ਪ੍ਰਿਯੰਕਾ ਨੇ ਕਿਹਾ, ‘‘ਚਿੰਤਾ ਨਾ ਕਰੋ, ਅਸੀਂ ਦੋਵੇਂ ਭੈਣ-ਭਰਾ, ਦੇਸ਼ ਦੇ ਹੋਰਨਾਂ ਲੱਖਾਂ ਭੈਣਾਂ ਤੇ ਭਰਾਵਾਂ ਨਾਲ ਮਿਲ ਕੇ ਤੁਹਾਡੇ ਇਸ ਝੂਠ, ਲੂਟ ਤੇ ਖੋਖਲੇ ਪ੍ਰਾਪੇਗੰਡਾ ਦਾ ਹੰਕਾਰ ਭੰਨਾਂਗੇ।’’ ਪ੍ਰਿਯੰਕਾ ਨੇ ਹਿੰਦੀ ਵਿੱਚ ਪਾਈ ਇਸ ਪੋਸਟ ’ਚ ਕਿਹਾ, ‘‘ਹੈਪੀ ਰਕਸ਼ਾ ਬੰਧਨ। ਇਹ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਓਹਾਰ ਹੈ…ਇਸ ਨੂੰ ਸਕਾਰਾਤਮਕ ਜੋਸ਼ ਨਾਲ ਮਨਾਇਆ ਜਾਵੇ।’’ ਉਧਰ ਰਾਹੁਲ ਗਾਂਧੀ ਨੇ ਬੰਗਲੂਰੂ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਨੇ ਅੱਜ ਉਨ੍ਹਾਂ ਦੇ ਹੱਥ ’ਤੇ ‘ਰੱਖੜੀ’ ਬੰਨ੍ਹੀ ਤੇ ਪਾਰਟੀ ਨੇ ਰੱਖੜੀ ਦੇ ਤਿਓਹਾਰ ਮੌਕੇ ‘ਗ੍ਰਹਿ ਲਕਸ਼ਮੀ’ ਦਾ ਆਪਣਾ ਚੋਣ ਵਾਅਦਾ ਪੂਰਾ ਕਰ ਦਿੱਤਾ।