ਮੁਹਾਲੀ: ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ‘ਚ ਇਨਸਾਨੀਅਤ ਨੂੰ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜ ਨਾਬਾਲਿਗ ਮੁੰਡਿਆਂ ਨੂੰ ਸਿਰਫ਼ ਇੱਕ ਬਿਸਕੁਟ ਦਾ ਪੈਕਟ ਚੋਰੀ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਦੁਕਾਨਦਾਰ ਤੇ ਕੁਝ ਸਥਾਨਕ ਲੋਕਾਂ ਨੇ ਨਾ ਸਿਰਫ਼ ਬੱਚਿਆਂ ਨੂੰ ਕੱਪੜੇ ਉਤਾਰ ਕੇ ਕੁੱਟਿਆ, ਸਗੋਂ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਮੁਰਗਾ ਵੀ ਬਣਾਇਆ। ਇਸ ਦੌਰਾਨ ਕੁਝ ਲੋਕਾਂ ਨੇ ਇਹ ਪੂਰੀ ਘਟਨਾ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਹੱਥ ਜੋੜਕੇ ਰਹਿਮ ਦੀ ਮੰਗ ਕਰ ਰਹੇ ਹਨ, ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ, ਪਰ ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵੀਡੀਓ ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ। ਇਹ ਘਟਨਾ 21 ਅਕਤੂਬਰ ਦੀ ਰਾਤ ਨੂੰ ਵਾਪਰੀ ਸੀ ਤੇ ਵੀਡੀਓ 24 ਅਕਤੂਬਰ ਨੂੰ ਸਾਹਮਣੇ ਆਈ।
ਜਾਣਕਾਰੀ ਮੁਤਾਬਕ, ਪੀੜਤ ਮੁੰਡਿਆਂ ਦੀ ਉਮਰ 15 ਤੋਂ 17 ਸਾਲ ਹੈ ਅਤੇ ਉਹ ਪਿੰਡ ਭੁੱਡਾ ਸਾਹਿਬ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਨੇ ਇੱਕ ਦੁਕਾਨ ਤੋਂ ਬਿਸਕੁਟ ਦਾ ਪੈਕਟ ਚੁੱਕ ਕੇ ਖਾ ਲਿਆ, ਤਾਂ ਦੁਕਾਨਦਾਰ ਤੇ ਕੁਝ ਹੋਰ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕਰਕੇ ਮਾਰਿਆ ਗਿਆ। ਆਰੋਪ ਹੈ ਕਿ ਬੱਚਿਆਂ ਨੂੰ ਹਰੀਆਂ ਮਿਰਚਾਂ ਵੀ ਖੁਆਈਆਂ ਗਈਆਂ।
