ਨਵੀ ਦਿੱਲੀ : ਛੱਤੀਸਗੜ੍ਹ ਦੇ ਬਲੋਦਾ ਬਾਜ਼ਾਰ ਜ਼ਿਲ੍ਹੇ ‘ਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਹੋਇਆ ਇਸ ‘ਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਬਾਕੁਲਾਹੀ ਦੇ ਰੀਅਲ ਸਟੀਲ ਪਲਾਂਟ ਵਿੱਚ ਵਾਪਰਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਪਲਾਂਟ ਦੇ ਡੀਐਸਸੀ ਕੋਲਾ ਭੱਠੀ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਦੇ ਅੰਦਰ ਅੱਗ ਦੀਆਂ ਲਪਟਾਂ ਉੱਠੀਆਂ। ਕੁਝ ਹੀ ਸਮੇਂ ਵਿੱਚ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਬਹੁਤ ਸਾਰੇ ਕਾਮੇ ਸੜ ਗਏ। ਧਮਾਕੇ ਕਾਰਨ 7 ਤੋਂ ਵੱਧ ਮਜ਼ਦੂਰਾਂ ਦੀ ਜਾਨ ਚਲੀ ਗਈ। ਧਮਾਕੇ ਵਿੱਚ ਕੁਝ ਹੋਰ ਮਜ਼ਦੂਰ ਵੀ ਜ਼ਖਮੀ ਹੋਏ ਹਨ।
ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰਫਾਈਟਰਜ਼, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੁਝ ਬੁਰੀ ਤਰ੍ਹਾਂ ਸੜ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਾਲੇ ਧੂੰਏਂ ਦਾ ਗੁਬਾਰ ਅਸਮਾਨ ਵਿੱਚ ਕਈ ਮੀਟਰ ਉੱਚਾ ਉੱਠਿਆ ਅਤੇ ਇਮਾਰਤ ਦੀਆਂ ਕੰਧਾਂ ਵੀ ਕਾਲੀਆਂ ਹੋ ਗਈਆਂ। ਸੁਆਹ ਅਤੇ ਸੜਿਆ ਹੋਇਆ ਕੋਲਾ ਇਮਾਰਤ ਦੇ ਆਲੇ-ਦੁਆਲੇ ਖਿੰਡੇ ਹੋਏ ਹਨ।
ਦੱਸ ਦਈਏ ਪੁਲਿਸ ਨੇ ਮਾਮਲਾ ਦਰਜ ਕਰਕੇ ਅਧਿਕਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਧਮਾਕਾ ਫੈਕਟਰੀ ਵਿੱਚ ਤਕਨੀਕੀ ਨੁਕਸ ਜਾਂ ਮਸ਼ੀਨਰੀ ਵਿੱਚ ਵਧੇ ਹੋਏ ਦਬਾਅ ਕਾਰਨ ਹੋਇਆ ਸੀ। ਅਧਿਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਅਤੇ ਜ਼ਖਮੀਆਂ ਦਾ ਸਭ ਤੋਂ ਵਧੀਆ ਇਲਾਜ ਕਰਨ ਦਾ ਵਾਅਦਾ ਕੀਤਾ ਹੈ।
ਛੱਤੀਸਗੜ੍ਹ ਸਰਕਾਰ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਕਾਰਜ ਤੇਜ਼ ਕਰਨ ਅਤੇ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
