– ਪਾਜ਼ੇਟਿਵ ਕੇਸਾਂ ਦੀ ਗਿਣਤੀ 19 ’ਤੇ ਸਥਿਰ; 18 ’ਚੋਂ 17 ਸਿਹਤਯਾਬ ਹੋਏ

ਨਵਾਂਸ਼ਹਿਰ, 20 ਅਪਰੈਲ- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਦੀ ਰੋਕਥਾਮ ਲਈ ਕੱਲ੍ਹ ਸ਼ਾਮ ਤੱਕ 527 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਗਈ ਹੈ, ਜਿਸ ਵਿੱਚੋਂ 496 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 7 ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 19 ’ਤੇ ਹੀ ਸਥਿਰ ਹੈ ਅਤੇ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ 18 ਮਰੀਜ਼ਾਂ ’ਚੋਂ 17 ਸਿਹਤਯਾਬ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ ਦੇ ਲੱਛਣਾਂ ਵਾਲੇ ਮਰੀਜ਼ ਖੁਦ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਨ, ਜੋ ਕਿ ਲੋਕਾਂ ’ਚ ਜਾਗਰੂਕਤਾ ਦਾ ਇੱਕ ਸ਼ੁੱਭ ਸੰਕੇਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਆਪਣੇ ਆਪ ਨੂੰ ਸਵੈ-ਅਨੁਸ਼ਾਸਨ ’ਚ ਬੰਨ੍ਹੀ ਰੱਖਣ ਅਤੇ ਘਰਾਂ ਤੋਂ ਬਿਨਾਂ ਕਿਸੇ ਹੰਗਾਮੀ ਲੋੜ ਦੇ, ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਜਿੰਨੀਆਂ ਅਸੀਂ ਸਾਵਧਾਨੀਆਂ ਰੱਖਾਂਗੇ, ਉਨੇ ਹੀ ਕੋਵਿਡ ਦੇ ਪ੍ਰਭਾਵ ਤੋਂ ਦੂਰ ਰਹਾਂਗੇ।

ਸਿਵਲ ਸਰਜਨ ਨੇ ਲੋਕਾਂ ਨੂੰ ਆਪਣੇ ਹੱਥ ਲਗਾਤਾਰ ਸਾਬਣ ਅਤੇ ਪਾਣੀ ਨਾਲ ਧੋਂਦੇ ਰਹਿਣ, ਸੈਨੇਟਾਈਜ਼ ਕਰਨ, ਭੀੜ ਤੋਂ ਦੂਰ ਰਹਿਣ, ਮੂੰਹ ਤੇ ਮਾਸਕ ਲਾ ਕੇ ਬਾਹਰ ਨਿਕਲਣ, ਦੂਸਰੇ ਵਿਅਕਤੀ ਤੋਂ ਇੱਕ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕੋਵਿਡ ਅਤੇ ਫ਼ਲੂ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਖੰਘ, ਜ਼ੁਕਾਮ, ਗਲਾ ਖਰਾਬ ਅਤੇ ਸਾਹ ’ਚ ਤਕਲੀਫ਼ ਆਦਿ ਦੇ ਲੱਛਣ ਹੋਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ’ਚ ਬਣੇ ਫ਼ਲੂ ਕਾਰਨਰ ’ਤੇ ਜਾਣ ਜਾਂ ਫ਼ਿਰ 01823-227471 (ਕੋਵਿਡ ਹੈਲਪ ਲਾਈਨ) ’ਤੇ ਸੰਪਰਕ ਕਰਨ।