ਬਠਿੰਡਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸਪੁਰ ਜ਼ਿਮਨੀ ਚੋਣ ਦੇ ਘਮਸਾਣ ਤੋਂ ਦੂਰ ਹਨ। ਉਹ ਬਾਲਾਸਰ (ਹਰਿਆਣਾ) ਫਾਰਮ ਹਾਊਸ ਵਿੱਚ ਦੇਸੀ ਪਕਵਾਨਾਂ ਦਾ ਲੁਤਫ਼ ਉਠਾ ਰਹੇ ਹਨ। ਪੰਜਾਬ ਚੋਣਾਂ ਮਗਰੋਂ ਸ੍ਰੀ ਬਾਦਲ ਨੇ ਬਾਲਾਸਰ ਫਾਰਮ ਵਿੱਚ ਗੇੜੇ ਵਧਾ ਦਿੱਤੇ ਹਨ। ਹਰਿਆਣਾ ਦੇ ਚਿੱਬੜਾਂ ਦੀ ਚਟਣੀ ਤੇ ਰਾਜਸਥਾਨ ਦੀ ਖਿਚੜੀ ਇਨ੍ਹੀਂ ਦਿਨੀਂ ਸ੍ਰੀ ਬਾਦਲ ਦੀ ਖ਼ੁਰਾਕ ਦਾ ਹਿੱਸਾ ਹਨ। ਬਾਲਾਸਰ ਦੇ ਮੋਹਤਬਰ ਸ੍ਰੀ ਬਾਦਲ ਦੀ ਸੇਵਾ ਵਿੱਚ ਜੁਟੇ ਹੋਏ ਹਨ।
ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਬਾਲਾਸਰ ਫਾਰਮ ’ਤੇ ਪੁੱਜ ਗਏ ਤੇ ਉਹ ਅਜੇ ਕੁਝ ਦਿਨ ਉੱਥੇ ਹੀ ਰੁਕਣਗੇ। ਸਤੰਬਰ ਦੌਰਾਨ ਕਰੀਬ ਦੋ ਹਫ਼ਤੇ ਪਹਿਲਾਂ ਵੀ ਸ੍ਰੀ ਬਾਦਲ ਬਾਲਾਸਰ ਫਾਰਮ ਹਾਊਸ ਵਿੱਚ ਤਿੰਨ-ਚਾਰ ਦਿਨ ਰਹਿ ਕੇ ਆਏ ਹਨ। ਸ੍ਰੀ ਬਾਦਲ ਗੁਰਦਾਸਪੁਰ ਚੋਣ ਪਿੜ ’ਚੋਂ ਗਾਇਬ ਹਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਰਚਾ ਸੰਭਾਲਿਆ ਹੋਇਆ ਹੈ। ਬਾਦਲ ਪਰਿਵਾਰ ਦਾ ਬਾਲਾਸਰ ਫਾਰਮ ਹਾਊਸ ਕਰੀਬ 31 ਏਕੜ ਵਿੱਚ ਹੈ, ਜਿੱਥੇ ਜ਼ਿਆਦਾਤਰ ਰਕਬਾ ਬਾਗ਼ਾਂ ਹੇਠ ਹੈ। ਸੂਤਰਾਂ ਅਨੁਸਾਰ ਫਾਰਮ ਹਾਊਸ ਵਿੱਚ ਹੀ ਹੈਲੀਪੈਡ ਬਣਿਆ ਹੋਇਆ ਹੈ। ਬਾਲਾਸਰ ਦੇ ਵਸਨੀਕਾਂ ਨੇ ਦੱਸਿਆ ਕਿ ਸ੍ਰੀ ਬਾਦਲ ਸਵੇਰੇ-ਸ਼ਾਮ ਖੇਤਾਂ ਦੀ ਸੈਰ ਕਰਦੇ ਹਨ ਤੇ ਦੋ ਵੇਲੇ ਪਾਠ ਕਰਦੇ ਹਨ। ਕੱਲ੍ਹ ਸ੍ਰੀ ਬਾਦਲ ਨੇ ਬਾਲਾਸਰ ਦੇ ਇੱਕ ਮੋਹਤਬਰ ਤੋਂ ਚਿੱਬੜ ਮੰਗਵਾਏ, ਜਿਸ ਦੀ ਚਟਣੀ ਉਨ੍ਹਾਂ ਨੂੰ ਪਸੰਦ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਬਰਾਨੀ ਬਾਜਰੇ ਤੇ ਮੋਠ ਵੀ ਲਿਆਂਦੇ ਗਏ, ਜਿਸ ਦੀ ਖਿਚੜੀ ਸ੍ਰੀ ਬਾਦਲ ਖਾ ਰਹੇ ਹਨ। ਪਿੰਡ ਬਾਲਾਸਰ ਵਿੱਚ ਜ਼ਿਆਦਾ ਬਾਗੜੀ ਭਾਈਚਾਰਾ ਹੈ। ਬਾਲਾਸਰ ਵਾਸੀ ਕਲਾਵਤੀ ਨੇ ਗਰਮੀਆਂ ਦੇ ਦਿਨਾਂ ਵਿੱਚ ‘ਰਬੜੀ’ ਬਣਾਈ ਸੀ, ਜੋ ਸ੍ਰੀ ਬਾਦਲ ਨੂੰ ਏਨੀ ਪਸੰਦ ਆਈ ਕਿ ਉਨ੍ਹਾਂ ਨੇ ਆਪਣੇ ਰਸੋਈਏ ਨੂੰ ਵੀ ‘ਰਬੜੀ’ ਬਣਾਉਣ ਦੀ ਸਿਖਲਾਈ ਦਿਵਾ ਦਿੱਤੀ।
ਬਾਲਾਸਰ ਦੀ ਪੰਚਾਇਤ ਨੇ ਦੱਸਿਆ ਕਿ ਸ੍ਰੀ ਬਾਦਲ ਕੱਲ੍ਹ ਤੋਂ ਬਾਲਾਸਰ ਆਏ ਹੋਏ ਹਨ ਤੇ ਆਪਣੀ ਸਿਹਤ ਲਈ ਸਮਾਂ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਇੱਥੇ ਬਹੁਤ ਘੱਟ ਆਉਂਦੇ ਹਨ ਅਤੇ ਜੇਕਰ ਆਉਂਦੇ ਵੀ ਹਨ ਤਾਂ ਇੱਕ-ਦੋ ਘੰਟਿਆਂ ਵਿੱਚ ਵਾਪਸ ਚਲੇ ਜਾਂਦੇ ਹਨ।