ਚੰਡੀਗੜ੍ਹ,
ਕੈਪਟਨ ਵਜ਼ਾਰਤ ਵਿਚ ਵਾਧੇ ਨੂੰ ਲੈ ਕੇ ਬੇਯਕੀਨੀ ਵਾਲੀ ਸਥਿਤੀ ਬਣਨ  ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵਿਰੁਧ ਕਾਰਵਾਈ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਵਿਚ ਅਗਲੇ ਦਿਨਾਂ ਦੌਰਾਨ ਕਤਾਰਬੰਦੀ ਤਿੱਖੀ ਹੋਣ ਦੇ ਆਸਾਰ ਬਣ ਸਕਦੇ ਹਨ। ਕਈ ਵਿਧਾਇਕ ਤਾਂ ਅਕਸਰ ਇਕ ਦੂਜੇ ਕੋਲੋਂ, ਮੁੱਖ ਮੰਤਰੀ ਦਫਤਰ ਤੋਂ ਜਾਂ ਕਾਂਗਰਸ ਹਾਈਕਮਾਂਡ ਦੇ ਕਰੀਬੀਆਂ ਕੋਲੋਂ ਇਹ ਜਾਨਣ ਦਾ ਯਤਨ ਕਰਦੇ ਰਹਿੰਦੇ ਹਨ ਕਿ ਵਜ਼ਾਰਤ ਵਿਚ ਵਾਧਾ ਕਦੋਂ ਹੋ ਰਿਹਾ ਹੈ ਤੇ ਕਿਸ-ਕਿਸ ਨੂੰ ਝੰਡੀ ਵਾਲੀ ਕਾਰ ਮਿਲ ਸਕਦੀ ਹੈ। ਉਹ ਆਪਣੀ ਵਜ਼ੀਰੀ ਪੱਕੀ ਕਰਨ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।
ਵਜ਼ਾਰਤ ਵਿੱਚ ਜਦੋਂ ਵੀ ਵਾਧਾ ਹੋਇਆ ਤਾਂ ਵੱਧ ਤੋਂ ਵੱਧ ਅੱਠ ਹੀ ਹੋਰ ਮੰਤਰੀ ਬਣਨਗੇ ਪਰ ਇਸ ਦੌੜ ਸ਼ਾਮਲ ਵਿਧਾਇਕਾਂ ਦੀ ਗਿਣਤੀ ਇਸ ਤੋਂ ਕਰੀਬ  ਦੁੱਗਣੀ ਹੈ। ਪਿਛਲੇ ਦਿਨੀ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਜਿਨ੍ਹਾਂ ਦੇ ਸਿਰ ’ਤੇ ਛੇਤੀ ਹੀ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਸਜ ਸਕਦਾ ਹੈ, ਨਾਲ ਮੁਲਾਕਾਤ ਕਰ ਕੇ ਵਜ਼ਾਰਤ ਵਿਚ ਵਾਧਾ ਕਰਨਗੇ। ਇਸ ਕਾਰਨ ਮੰਤਰੀ ਬਣਨ ਦੇ ਚਾਹਵਾਨਾਂ ਨੂੰ ਇਸ ਮੁਲਾਕਾਤ ਦੀ ਬੇਸਬਰੀ ਨਾਲ ਉਡੀਕ ਹੈ। ਪਰ ਜਾਣਕਾਰਾਂ ਮੁਤਾਬਕ ਵਜ਼ਾਰਤੀ ਵਾਧਾ ਦਸੰਬਰ ਮਹੀਨੇ ਹੋਣ ਵਾਲੀਆਂ ਨਿਗਮ ਚੋਣਾਂ ਤੱਕ ਟਲ ਵੀ ਸਕਦਾ ਹੈ। ਇਕ ਸੀਨੀਅਰ ਆਗੂ ਨੇ ਕਿਹਾ ਕਿ ਵਾਧਾ ਜਲਦੀ ਹੋ ਜਾਵੇ ਜਾਂ ਪਛੜ ਕੇ ਹੋਵੇ, ਪਰ ਕਾਂਗਰਸ ਵਿਧਾਇਕ ਪਾਰਟੀ ਵਿਚ ਰੇੜਕਾ ਪੈਣਾ ਤੈਅ ਹੈ। ਇਸ ਰੇੜਕੇ ਨੂੰ ਰੋਕਣਾ ਮੁੱਖ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਹੈ।
ਨਾਲ ਹੀ ਕਾਂਗਰਸ ਵਿਧਾਇਕਾਂ ਵਿਚ ਇਸ ਗੱਲ ਤੋਂ ਨਾਰਾਜ਼ਗੀ ਵਧਦੀ ਜਾ ਰਹੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਪਾਰਟੀ ਦੇ ਕਈ ਆਗੂਆਂ ਨੇ ਲੋਕਾਂ ਨਾਲ ਮੁੜਵਾਅਦਾ ਕੀਤਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਜਿਹੜੇ ਮੰਤਰੀਆਂ ਤੇ ਆਗੂਆਂ ਦੇ ਨਾਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੇ ਹੋਰ ਹੇਰਾਫੇਰੀਆਂ ਨਾਲ ਜੁੜਦੇ ਹਨ, ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ ਪਰ ਮੁੱਖ ਮੰਤਰੀ ਇਸ ਮੁੱਦੇ ’ਤੇ ਦੁਚਿਤੀ ਵਿਚ ਹਨ। ਉਹ ਅਕਸਰ ਕਹਿੰਦੇ ਹਨ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨਾਲ ਕਿੜ ਕੱਢਣ ਦੀ ਨੀਤੀ ਨਹੀਂ ਅਪਣਾਉਣਗੇ, ਜਿਨ੍ਹਾਂ ਵਿਰੁਧ ਠੋਸ ਸਬੂਤ ਮਿਲਣਗੇ, ਉਨ੍ਹਾਂ ’ਤੇ ਹੀ ਕਾਰਵਾਈ ਕਰਨਗੇ। ਕੁਝ ਕਾਂਗਰਸ ਵਿਧਾਇਕਾਂ ਦਾ ਕਹਿਣਾ ਹੈ ਕਿ ਜੇ ਮੁੱਖ ਮੰਤਰੀ ਚਾਹੁਣ ਤਾਂ ਸਬੂਤ ਜੁਟਾਏ ਜਾ ਵੀ ਸਕਦੇ ਹਨ। ਜੇ ਸਰਕਾਰ ਅਕਾਲੀਆਂ ਨਾਲ ‘ਮਿਲਵਰਤਣ’ ਦੀ ਨੀਤੀ ’ਤੇ ਚਲ ਪਏ ਤਾਂ ਮਿਲੇ ਸਬੂਤ ਵੀ ਮਿਟਾਏ ਜਾ ਸਕਦੇ ਹਨ। ਜੇ ਮੁੱਖ ਮੰਤਰੀ ਨੇ ਅਕਾਲੀਆਂ ਵਿਰੁਧ ਕਾਰਵਾਈ ਨਾ ਕੀਤੀ ਤਾਂ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਸਰਕਾਰ ਨੂੰ ਆਪਣੇ ਹੀ ਵਿਧਾਇਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਗ਼ੌਰਤਲਬ ਹੈ ਕਿ ਬਜਟ ਸੈਸ਼ਨ ਵਿਚ ਵੀ ਤਿੰਨ-ਚਾਰ ਵਿਧਾਇਕਾਂ ਨੇ ਮੁੱਖ ਮੰਤਰੀ ਦੀ ਕਾਰਜਸ਼ੈਲੀ ’ਤੇ ਸਹਿੰਦੇ-ਸਹਿੰਦੇ ਹਮਲੇ ਕੀਤੇ ਸਨ, ਪਰ ਸਰਦ ਰੁੱਤ ਵਿਚ ਹਮਲੇ ਤਿੱਖੇ ਹੋ ਸਕਦੇ ਹਨ।