ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦੇ ਚੌਥੇ ਦਿਨ ਪ੍ਰਸ਼ਨ ਕਾਲ ਦੌਰਾਨ ਮੈਡੀਕਲ ਕਾਲਜਾਂ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਹੋਇਆ। ਇਸ ਮੌਕੇ ਸੱਤਾਧਾਰੀ ਧਿਰ ‘ਆਪ’ ਅਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਇਕ ਦੂਜੇ ’ਤੇ ਦੂਸ਼ਣਬਾਜ਼ੀ ਕੀਤੀ ਅਤੇ ਦੋਵਾਂ ਧਿਰਾਂ ਦੇ ਵਿਧਾਇਕ ਦੂਸ਼ਣਬਾਜ਼ੀ ਕਰਦਿਆਂ ਸਪੀਕਰ ਦੀ ਸੀਟ ਤੱਕ ਪਹੁੰਚ ਗਏ। ਮਾਹੌਲ ਨੂੰ ਭਖਦਾ ਦੇਖਦਿਆਂ ਸਪੀਕਰ ਨੇ ਸਾਰਿਆਂ ਨੂੰ ਸ਼ਾਂਤ ਕਰਵਾ ਕੇ ਬਿਠਾਇਆ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸੂਬੇ ਵਿੱਚ ਮਾਰਚ 2022 ਤੋਂ ਹੁਣ ਤੱਕ ਖੋਲ੍ਹੇ ਗਏ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਗਿਣਤੀ ਅਤੇ ਉਸ ਦੇ ਵੇਰਵੇ ਮੰਗੇ। ਇਸ ਦਾ ਜਵਾਬ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ 40 ਸਾਲਾਂ ਵਿੱਚ, ਜੋ ਨਹੀਂ ਕੀਤਾ, ਉਹ ‘ਆਪ’ 4 ਸਾਲਾਂ ਵਿੱਚ ਕਰਕੇ ਦਿਖਾਇਆ ਹੈ। ਸਾਲ 2024 ਵਿੱਚ ਮੰਡੀ ਗੋਬਿੰਦਗੜ੍ਹ ਵਿੱਚ ਕਾਲਜ ਬਣ ਗਿਆ ਸੀ, ਜਿੱਥੇ 50-50 ਸੀਟਾਂ ਦੇ ਦੋ ਬੈੱਚ ਸ਼ੁਰੂ ਹੋ ਚੁੱਕੇ ਹਨ। ਇਸੇ ਤਰ੍ਹਾਂ ਲੁਧਿਆਣਾ ’ਚ ਈ ਐੱਸ ਆਈ ਹਸਪਤਾਲ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ।
ਹੁਸ਼ਿਆਰਪੁਰ ਵਿੱਚ 274 ਕਰੋੜ ਰੁਪਏ ਦੀ ਲਾਗਤ ਨਾਲ 20 ਮਾਰਚ ਤੋਂ ਸਰਕਾਰੀ ਕਾਲਜ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਕਪੂਰਥਲਾ ਵਿੱਚ 296 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸੰਗਰੂਰ, ਨਵਾਂ ਸ਼ਹਿਰ ’ਚ ਕਾਲਜ ਬਣਾਉਣ ਲਈ ਜੂਨ ਤੱਕ ਪ੍ਰੀਕਿਰਿਆ ਪੂਰੀ ਹੋ ਜਾਵੇਗੀ। ਲੁਧਿਆਣਾ ਵਿੱਚ ਜੇ ਆਈ ਐੱਸ, ਲਹਿਰਾਗਾਗਾ ਵਿਖੇ ਜੈਨ ਭਾਈਚਾਰੇ ਅਤੇ ਮਾਲੇਰਕੋਟਲਾ ’ਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਖੋਲ੍ਹਿਆ ਜਾ ਰਿਹਾ ਹੈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਮੰਤਰੀ ਦੇ ਜਵਾਬ ਦਾ ਵਿਰੋਧ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪਹਿਲੇ ਬਜਟ ਵਿੱਚ ਸੂਬੇ ’ਚ 16 ਸਰਕਾਰੀ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ। ਇਸ ਵਿੱਚੋਂ 11 ਲਈ ਸੂਬਾ ਸਰਕਾਰ ਨੇ ਜ਼ਮੀਨ ਵੀ ਅਲਾਟ ਨਹੀਂ ਕੀਤੀ। ਇਸੇ ਲਈ ਸਰਕਾਰ ਪ੍ਰਾਈਵੇਟ ਕਾਲਜਾਂ ਨੂੰ ਮਿਲਾ ਕੇ ਅੰਕੜੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ’। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਖੜ੍ਹੇ ਹੋ ਕੇ ਜਵਾਬ ਦੇਣ ਲੱਗੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਅਮਨ ਅਰੋੜਾ ਵੱਲੋਂ ਜਵਾਬ ਦੇਣ ਦਾ ਵਿਰੋਧ ਕੀਤਾ। ਬਾਜਵਾ ਨੇ ਕਿਹਾ ਕਿ ਸਬੰਧਤ ਮੰਤਰੀ ਤੋਂ ਇਲਾਵਾ ਬੋਲਣ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੈ ਪਰ ਅਮਨ ਅਰੋੜਾ ਕੋਲ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਦੇ ਵਿਧਾਇਕਾਂ ਵਿੱਚ ਬਹਿਸ ਸ਼ੁਰੂ ਹੋ ਗਈ।

ਇਸੇ ਹੰਗਾਮੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਆਉਂਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਗਾਲ ਕੱਢਣ ਦੇ ਦੋਸ਼ ਲਗਾਏ ਅਤੇ ਬਾਜਵਾ ਨੂੰ ਮੁਆਫ਼ੀ ਮੰਗਣ ਲਈ ਕਿਹਾ। ਵਿਧਾਨ ਸਭਾ ਵਿੱਚ ਮਾਹੌਲ ਟਕਰਾਅ ਵਾਲਾ ਬਣ ਗਿਆ। ਇਸ ਮੌਕੇ ‘ਆਪ’ ਤੇ ਕਾਂਗਰਸ ਦੇ ਵਿਧਾਇਕ ਇਕੱਠੇ ਹੋ ਕੇ ਸਪੀਕਰ ਦੀ ਕੁਰਸੀ ਵੱਲ ਵਧਣ ਲੱਗੇ। ਅਖੀਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਨੂੰ ਸ਼ਾਂਤ ਕਰਵਾਇਆ।