ਚੰਡੀਗੜ੍ਹ, ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲਗਾਹ ਵਿਰੁੱਧ ਪੁਲੀਸ ਵੱਲੋਂ ਐਨ.ਡੀ.ਪੀ.ਐਸ. ਐਕਟ (ਅਫ਼ੀਮ ਰੱਖਣ) ਦੇ ਦੋਸ਼ਾਂ ਤਹਿਤ ਫ਼ੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਪੁਲੀਸ ਅਫ਼ਸਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਲੰਗਾਹ ਵਿਰੁੱਧ 18, 61, 59 ਅਤੇ 68 ਐਨ.ਡੀ.ਪੀ.ਐਸ. ਐਕਟ ਦੇ ਦੋਸ਼ਾਂ ਦੀ ਪੜਤਾਲ ਚੱਲ ਰਹੀ ਹੈ। ਇਸ ਮਾਮਲੇ ਸਬੰਧੀ ਪੀੜਤ ਧਿਰ ਕਲਾਨੌਰ ਵਾਸੀ ਸੰਦੀਪ ਕੁਮਾਰ, ਜਿਸ ਖ਼ਿਲਾਫ਼ ਲੰਗਾਹ ਨੇ ਅਕਾਲੀ-ਭਾਜਪਾ ਹਕੂਮਤ ਵੇਲੇ ਕਥਿਤ ਤੌਰ ’ਤੇ ਅੱਧਾ ਕਿੱਲੋ ਅਫ਼ੀਮ ਰੱਖਣ ਦਾ ਕੇਸ ਦਰਜ ਕਰਾਇਆ ਸੀ, ਨੇ ਪੁਲੀਸ ਤੱਕ ਪਹੁੰਚ ਕੀਤੀ ਹੈ। ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ’ਤੇ ਆਧਾਰਤ ਕਮਿਸ਼ਨ ਨੇ ਸੰਦੀਪ ਕੁਮਾਰ ਖ਼ਿਲਾਫ਼ ਦਰਜ ਕੇਸ ਝੂਠਾ ਤੇ ਸਿਆਸਤ ਤੋਂ ਪ੍ਰੇਰਿਤ ਹੋਣ ਦੇ ਤੱਥ ਸਾਹਮਣੇ ਲਿਆਂਦੇ ਹਨ। ਇਹ ਕੇਸ 29 ਅਕਤੂਬਰ 2015 ਨੂੰ ਦਰਜ ਕੀਤਾ ਗਿਆ ਸੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੇਸ ਝੂਠਾ ਸਾਬਤ ਹੁੰਦਾ ਹੈ ਤਾਂ ਤਫ਼ਤੀਸ਼ ਅਫ਼ਸਰ ਅਤੇ ਸਾਜ਼ਿਸ ਘੜਨ ਵਾਲੇ ਖ਼ਿਲਾਫ਼ ਇਨ੍ਹਾਂ ਧਾਰਾਵਾਂ ਤਹਿਤ ਹੀ ਕੇਸ ਦਰਜ ਕੀਤੇ ਜਾਣ ਦਾ ਕਾਨੂੰਨੀ ਪ੍ਰਬੰਧ ਹੈ ਤੇ ਬਰਾਮਦ ਨਸ਼ੀਲਾ ਪਦਾਰਥ ਵੀ ਸਾਜ਼ਿਸ਼ ਘੜਨ ਵਾਲੇ ’ਤੇ ਹੀ ਪਾਇਆ ਜਾ ਸਕਦਾ ਹੈ। ਇਸ ਮਾਮਲੇ ਦਾ ਇੱਕ ਪੱਖ ਇਹ ਵੀ ਹੈ ਕਿ ਸੰਦੀਪ ਕੁਮਾਰ ਖ਼ਿਲਾਫ਼ ਦਰਜ ਕੇਸ ਦਾ ਤਫ਼ਤੀਸ਼ੀ ਅਧਿਕਾਰੀ ਸੱਤਪਾਲ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਅਗਾਊਂ ਸੇਵਾਮੁਕਤੀ ਲੈ ਗਿਆ ਸੀ। ਸੱਤਪਾਲ ਨਾਮੀਂ ਪੁਲੀਸ ਇੰਸਪੈਕਟਰ ਨੂੰ ਸੁੱਚਾ ਸਿੰਘ ਲੰਗਾਹ ਦਾ ਕਰੀਬੀ ਮੰਨਿਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਲੰਗਾਹ ਅਤੇ ਸੱਤਪਾਲ ਖ਼ਿਲਾਫ਼ ਦਰਜ ਕੀਤੇ ਜਾਣ ਸਬੰਧੀ ਹਾਲ ਦੀ ਘੜੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੂਤਰਾਂ ਮੁਤਾਬਕ ਜਬਰ-ਜਨਾਹ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਬੰਦ ਇਸ ਅਕਾਲੀ ਆਗੂ ਵਿਰੁੱਧ ਪੁਲੀਸ ਵੱਲੋਂ ਹੋਰ ਕੇਸ ਦਰਜ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਦੀ ਇੱਕ ਮਹਿਲਾ ਕਰਮਚਾਰੀ ਵੱਲੋਂ ਸੁੱਚਾ ਸਿੰਘ ਲੰਗਾਹ ’ਤੇ ਬਲਾਤਕਾਰ ਦੇ ਦੋਸ਼ ਲਾਉਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕੀਤਾ ਸੀ ।
ਪੂਰੀ ਪੜਤਾਲ ਤੋਂ ਬਾਅਦ ਹੀ ਦਰਜ ਹੋਵੇਗਾ ਕੇਸ
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਪੜਤਾਲ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਇਸ ਆਗੂ ਵਿਰੁੱਧ ਤੱਥ ਤਾਂ ਸਾਹਮਣੇ ਆਏ ਹਨ ਪਰ ਹਾਲ ਦੀ ਘੜੀ ਕੋਈ ਸ਼ਿਕਾਇਤਕਰਤਾ ਨਾ ਹੋਣ ਕਾਰਨ ਪੁਲੀਸ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲੀਸ ਵੱਲੋਂ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।