ਪਟਿਆਲਾ, 4 ਜੁਲਾਈ

ਡੇਢ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਪੰਜਾਬ ਭਰ ਦੇ 1186 ਰੂਰਲ ਫਾਰਮਾਸਿਸਟਾਂ ਅਤੇ ਏਨੇ ਹੀ ਚੌਥਾ ਦਰਜ਼ਾ ਮੁਲਾਜ਼ਮਾਂ ਵੱਲੋਂ ਹੜਤਾਲ ਅਤੇ ਧਰਨਾ ਅੱਜ ਸੋਲ੍ਹਵੇਂ ਦਿਨ ਵੀ ਜਾਰੀ ਰਿਹਾ। ਇਸੇ ਦੌਰਾਨ ਪਟਿਆਲਾ ਵਿੱਚ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਝੰਡਾ ਮਾਰਚ ਕੀਤਾ ਪਰ ਪੁਲੀਸ ਨੇ ਇਸ ਕਾਫਲੇ ਨੂੰ ਪੋਲੋ ਗਰਾਊਂਡ ਦੇ ਕੋਲ ਰੋਕ ਲਿਆ, ਜਿਸ ਦੌਰਾਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਯੂਨੀਅਨ ਦੇ ਇਨ੍ਹਾਂ ਆਗੂਆਂ ਦੀ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਮੁਕੱਰਰ ਕਰਵਾਉਣ ਤੋਂ ਬਾਅਦ ਹੜਤਾਲੀ ਮੁਲਾਜ਼ਮਾਂ ਨੇ ਧਰਨਾ ਚੁੱਕ ਲਿਆ। ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੌਜਾ ਦੀ ਅਗਵਾਈ ਹੇਠਲੇ ਇਸ ਧਰਨੇ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਤ ਰਾਮ ਤੇ ਸੂਬਾਈ ਬੁਲਾਰੇ ਸਵਰਤ ਸ਼ਰਮਾ ਸਮੇਤ ਹੋਰ ਆਗੂ ਵੀ ਪੁੱਜੇ ਹੋਏ ਸਨ।