ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੁੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕੀਤਾ ਗਿਆ ਹੈ।
ਹਲਕਾ ਖਡੂਰ ਸਾਹਿਬ ਦੇ ਜਥੇਬੰਦਕ ਆਗੂਆਂ ਅਤੇ ਜ਼ਮੀਨੀ ਵਰਕਰਾਂ ਵੱਲੋਂ ਰਵਿੰਦਰ ਸਿੰਘ ਬ੍ਰਹਮਪੁਰਾ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਲੈ ਕੇ ਲਗਾਤਾਰ ਲਿਖਤੀ ਸ਼ਿਕਾਇਤਾਂ ਹਾਈਕਮਾਂਡ ਤੱਕ ਪਹੁੰਚਾਈਆਂ ਜਾ ਰਹੀਆਂ ਸਨ। ਬੀਤੀ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਯੋਜਿਤ ਕੀਤੀ ਗਈ ਵਿਸ਼ਾਲ ‘ਪੰਜਾਬ ਬਚਾਓ ਰੈਲੀ’ ਦੌਰਾਨ ਵੀ ਸਥਾਨਿਕ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਲੀਡਰਸ਼ਿਪ ਨੇ ਵਿਸਥਾਰਪੂਰਵਕ ਦੱਸਿਆ ਸੀ ਕਿ ਰਵਿੰਦਰ ਬ੍ਰਹਮਪੁਰਾ ਕਿਸ ਤਰ੍ਹਾਂ ਪਾਰਟੀ ਦੇ ਅੰਦਰ ਰਹਿ ਕੇ ਹੀ ਸੰਗਠਨ ਦੇ ਖ਼ਿਲਾਫ਼ ਸਾਜ਼ਿਸ਼ਾਂ ਘੜ ਰਹੇ ਹਨ ਅਤੇ ਅੰਦਰੂਨੀ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ।
ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸ਼ਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਅੱਜ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੁਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਖਾਰਜ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਵਾਦ ਦੀ ਮੁੱਖ ਜੜ੍ਹ ਹਲਕਾ ਖਡੂਰ ਸਾਹਿਬ ਦੀ ਇੰਚਾਰਜਸ਼ਿਪ ਨਾਲ ਜੁੜੀ ਹੋਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਦੋਂ ਤੋਂ ਬੀਬਾ ਰਮਨਦੀਪ ਕੌਰ ਨੂੰ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਥਾਪਿਆ ਗਿਆ ਸੀ, ਉਦੋਂ ਤੋਂ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਪਾਰਟੀ ਲੀਡਰਸ਼ਿਪ ਨਾਲ ਕਾਫ਼ੀ ਨਾਰਾਜ਼ ਚੱਲ ਰਹੇ ਸਨ। ਉਹ ਜਨਤਕ ਤੌਰ ‘ਤੇ ਅਤੇ ਅੰਦਰੂਨੀ ਪੱਧਰ ‘ਤੇ ਲਗਾਤਾਰ ਬੀਬਾ ਰਮਨਦੀਪ ਕੌਰ ਅਤੇ ਅਵਤਾਰ ਸਿੰਘ ਬਿੱਲਾਂ ਸ਼ੇਰੋਂ ਦੀ ਵਿਰੋਧਤਾ ਕਰ ਰਹੇ ਸਨ, ਜਿਸ ਕਾਰਨ ਹਲਕੇ ਦੇ ਵਰਕਰਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਸੀ।
