ਪਟਿਆਲਾ, ਸਿੱਖਿਆ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ  ਰਲੇਵੇਂ ਵਾਲੇ ਸਕੂਲਾਂ ਦੀ ਗਿਣਤੀ 800 ਤੋਂ ਘੱਟ ਰਹਿ ਸਕਦੀ ਹੈ। ਅਜਿਹਾ ਰਲੇਵੇਂ ਵਾਲੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਗਿਣਤੀ ਵਧਣ ਮਗਰੋਂ ਸੰਭਵ ਹੋਣ ਲੱਗਿਆ ਹੈ।
ਸ੍ਰੀਮਤੀ ਚੌਧਰੀ ਅੱਜ ਇੱਥੇ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਦੇ ਸਮਾਪਤੀ ਸਮਾਗਮ ਵਿੱਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 20 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ ਦਾ ਨੇੜਲੇ ਸਕੂਲਾਂ ਵਿੱਚ ਰਲੇਵਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਸਰਕਾਰ ਨੇ ਮੁਢਲੇ ਤੌਰ ’ਤੇ ਦਾਅਵਾ ਕੀਤਾ ਸੀ ਕਿ ਅਜਿਹੇ ਘੇਰੇ ਵਿੱਚ 800 ਪ੍ਰਾਇਮਰੀ ਸਕੂਲ ਆਉਣਗੇ, ਪਰ ਤਿੰਨ ਤੋਂ ਛੇ ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖ਼ਲ ਕਰਨ ਮਗਰੋਂ ਇਸ ਸਥਿਤੀ ਵਿੱਚ ਬਦਲਾਅ ਆ ਰਿਹਾ ਹੈ। 20 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਨਰਸਰੀ ਜਮਾਤਾਂ ਦੇ ਦਾਖ਼ਲੇ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਰਲੇਵੇਂ ਬਾਰੇ ਮੁਲਾਂਕਣ 30 ਨਵੰਬਰ ਤੱਕ ਨੇਪਰੇ ਚਾੜ੍ਹ ਲਿਆ ਜਾਵੇਗਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਹੋਣ ਨਾਲ ਆਂਗਣਵਾੜੀ ਕੇਂਦਰਾਂ ’ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਸਕੂਲਾਂ ਵਿੱਚ ਬੱਚਿਆਂ ਦਾ ਵਿਦਿਅਕ ਪੱਧਰ ਉੱਚਾ ਚੁੱਕਿਆ ਜਾਣਾ ਹੈ, ਜਦੋਂਕਿ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਹੋਰ ਪੱਖਾਂ ਤੋਂ ਵਿਕਾਸ ਨੂੰ ਦੇਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਰ ਰਹੀਆਂ ਆਂਗਣਵਾੜੀ ਬੀਬੀਆਂ ਨਾਲ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਉਹ ਸਰਕਾਰ ਦੀ ਸੁਰ ਸਮਝ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਮਿਡ-ਡੇਅ ਮੀਲ ਲਈ ਲੋੜੀਂਦੇ ਫੰਡ ਸਰਕਾਰ ਵੱਲੋਂ ਛੇਤੀ ਹੀ ਜਾਰੀ ਕੀਤੇ ਜਾ ਰਹੇ ਹਨ।