ਨਿਊਯਾਰਕ: ਕੋਕੋ ਗੌਫ ਅਤੇ ਅਰਿਆਨਾ ਸਬਾਲੇਂਕਾ ਨੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਫਲੋਰਿਡਾ ਦੀ ਰਹਿਣ ਵਾਲੀ 19 ਸਾਲਾ ਗੌਫ ਨੇ ਕਰੋਲਿਨਾ ਮੁਚੋਵਾ ਨੂੰ 6-4, 7-5 ਨਾਲ ਹਰਾਇਆ। ਇਸ ਦੌਰਾਨ ਵਾਤਾਵਰਨ ਕਾਰਕੁਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਕੁੱਝ ਸਮਾਂ ਮੈਚ ਰੁਕਿਆ ਰਿਹਾ। ਇਸੇ ਤਰ੍ਹਾਂ ਦੂਜਾ ਦਰਜਾ ਪ੍ਰਾਪਤ ਸਬਾਲੇਂਕਾ ਨੇ ਅਮਰੀਕਾ ਦੀ ਮੈਡੀਸਨ ਕੀਜ਼ ਨੂੰ 0-6, 7-6 (1), 7-6 (10-5) ਨਾਲ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਇੱਕ ਵੇਲੇ ਅਜਿਹਾ ਲੱਗ ਰਿਹਾ ਸੀ ਕਿ ਸਬਾਲੇਂਕਾ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੇਗੀ। ਕੀਜ਼ ਨੇ ਪਹਿਲਾ ਸੈੱਟ 30 ਮਿੰਟਾਂ ਵਿੱਚ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿੱਚ ਵੀ 5-3 ਨਾਲ ਲੀਡ ਲੈ ਲਈ ਸੀ ਪਰ ਇਸ ਮਗਰੋਂ ਸਬਾਲੇਂਕਾ ਨੇ ਸ਼ਾਨਦਾਰ ਵਾਪਸੀ ਕੀਤੀ। ਜੇ ਸਬਾਲੇਂਕਾ ਹਾਰ ਵੀ ਜਾਂਦੀ ਤਾਂ ਵੀ ਉਸ ਦਾ ਸੋਮਵਾਰ ਨੂੰ ਜਾਰੀ ਹੋਣ ਵਾਲੀ ਡਬਲਿਊਟੀਏ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਪਹੁੰਚਣਾ ਤੈਅ ਸੀ।