ਮੌੜ ਮੰਡੀ 28 ਅਗਸਤ,ਅੱਜ ਪੁਲੀਸ ਫੋਰਸ ਅਤੇ ਸੈਨਾ ਦੇ ਜਵਾਨਾਂ ਨੂੰ ਮਿਲਣ ਲਈ ਰੁਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਵੇਰ ਤੋ ਮਿਲਣ ਲਈ ਸਥਾਨਕ ਮਾਨਸਾ ਕੈਂਚੀਆਂ ’ਤੇ ਖੜੇ ਮੌੜ ਬੰਬ ਕਾਂਡ ਪੀੜਿਤ ਪਰਿਵਾਰਾਂ ਨੂੰ ਮੁੱਖ ਮੰਤਰੀ ਦੇ ਨੂੰ ਮਿਲਣ ਲਈ ਵੀ ਭਾਰੀ ਜੱਦੋਜਹਿਦ ਕਰਨੀ ਪਈ । ਬੰਬ ਕਾਂਡ ਪੀੜਿਤ ਪਰਿਵਾਰ ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸ਼ਨ ਵੱਲੋ ਉਹਨਾਂ ਨਾਲ ਕੀਤੇ ਗਏ ਵਾਅਦਿਆਂ ਸੰਬੰਧੀ ਮੁੱਖ ਮੰਤਰੀ ਨੂੰ ਆਪਣੀ ਪੀੜ ਦੱਸਣਾ ਚਾਹੁੰਦੇ ਸਨ । ਪਰੰਤੂ ਪੁਲੀਸ ਅਧਿਕਾਰੀਆਂ ਵੱਲੋ ਪੀੜਿਤ ਪਰਿਵਾਰਾਂ ਨੂੰ ਮੁੱਖ ਮੰਤਰੀ ਦੇ ਪੁੱਜਣ ਤੋ ਪਹਿਲਾਂ ਹੀ ਦੂਰ ਪਾਸੇ ਖੜਾ ਕਰ ਦਿੱਤਾ ਗਿਆ। ਇਸ ਮੌਕੇ ਪੀੜਿਤ ਪਰਿਵਾਰਾਂ ਵੱਲੋ ਮੁੱਖ ਮੰਤਰੀ ਕੋਲ ਫਰਿਆਦ ਲੈ ਕੇ ਆਏ ਵਿਆਕਤੀਆਂ ਵਿੱਚ ਮ੍ਰਿਤਕ ਜਪਸਿਮਰਨ ਸਿੰਘ ਦੇ ਪਿਤਾ ਖੁਸ਼ਦੀਪ ਸਿੰਘ ਤੇ ਦਾਦਾ ਡਾ: ਬਲਬੀਰ ਸਿੰਘ , ਸੌਰਭ ਸਿੰਗਲਾ ਦੇ ਪਿਤਾ ਰਾਕੇਸ਼ ਬਿੱਟੂ, ਮ੍ਰਿਤਕ ਬੱਚੇ ਰਿਪਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਕੀਰਤਨ ਸਿੰਘ ਸਮੇਤ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੇ ਕਈ ਮੈਂਬਰ ਵੀ ਹਾਜ਼ਰ ਸਨ। ਜਦੋ ਆਪਣੀ ਗੱਡੀ ਵਿੱਚ ਬੈਠ ਰਹੇ ਮੁੱਖ ਮੰਤਰੀ ਨੂੰ ਪੱਤਰਕਾਰਾਂ ਨੇ ਸਵੇਰ ਤੋ ਖੜ੍ਹੇ ਬੰਬ ਕਾਂਡ ਪੀੜਿਤਾਂ ਦੀਆਂ ਮੰਗਾਂ ਬਾਰੇ ਚੇਤਾ ਕਰਵਾਇਆ ਤਾਂ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਨਿੱਜੀ ਦਿਲਚਪਸੀ ਨਾਲ ਦੇਖਣਗੇ । ਇਸ ਮਾਮਲੇ ਬਾਰੇ ਪੱਤਰਕਾਰਾ ਨਾਲ ਗੱਲ ਕਰਦਿਆਂ ਮ੍ਰਿਤਕ ਬੱਚੇ ਜਪਸਿਮਰਨ ਦੇ ਦਾਦਾ ਡਾ: ਬਲਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਮੁੱਖ ਮੰਤਰੀ ਨੂੰ ਆਪਣੇ ਦਰਦ ਸੁਣਾਉਣਾਂ ਚਾਹੁੰਦੇ ਸਨ ਉਸ ਤਰ੍ਹਾਂ ਨਹੀ ਸੁਣਾ ਸਕੇ। ਉਹਨਾਂ ਕਿਹਾ ਕਿ ਜ਼ਿਲਾ ਬਠਿੰਡਾ ਦੇ ਪ੍ਰਸ਼ਾਸ਼ਨ ਵੱਲੋ ਪੀੜਿਤ ਪਰਿਵਾਰਾਂ ਦੀਆਂ ਮੰਗਾਂ ਮੰਨੇ ਜਾਣ ਲਈ ਭਰੋਸਾ ਦਿੱਤੇ ਨੂੰ ਅੱਜ ਚਾਰ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ ਪਰੰਤੂ ਨਾ ਪੰਜਾਬ ਸਰਕਾਰ ਅਤੇ ਨਾ ਹੀ ਜ਼ਿਲਾ ਪ੍ਰਸ਼ਾਸ਼ਨ ਵੱਲੋ ਉਹਨਾਂ ਦੀ ਕੋਈ ਸੁਣਵਾਈ ਹੋ ਰਹੀ ਹੈ ।
ਕਾਂਗਰਸੀਆਂ ਨੇ ਪੁੱਛ ਗਿੱਛ ਨਾ ਹੋਣ ਦਾ ਰੋਣਾ ਰੋਇਆ
ਮੌੜ ਮੰਡੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲਗਭਗ 12 ਵਜੇ ਸਥਾਨਕ ਮਾਨਸਾ ਕੈਂਚੀਆਂ ਵਿਖੇ ਪੁਲੀਸ ਅਤੇ ਸੈਨਾ ਦੇ ਜਵਾਨਾਂ ਨੂੰ ਮਿਲਣ ਲਈ ਪੁੱਜੇ।ਉਹਨਾਂ ਨੂੰ ਮਿਲਣ ਲਈ ਸਵੇਰ ਸਮੇਂ ਤੋ ਉਡੀਕ ਰਹੇ ਕਾਂਗਰਸੀ ਆਗੂਆਂ ਨੇ ਆਪਣੇ ਕੰਮ ਨਾ ਹੋਣ ਅਤੇ ਪ੍ਰਸ਼ਾਸਨ ਅੰਦਰ ਪੁੱਛ ਗਿੱਛ ਨਾ ਹੋਣ ਦਾ ਰੋਣਾ ਰੋਇਆ । ਇਸ ਮੌਕੇ ਜ਼ਿਲਾ ਕਾਂਗਰਸ ਦਿਹਾਤੀ ਦੇ ਸਕੱਤਰ ਲਾਭ ਸਿੰਘ ਸੁੱਖਾ ਸਿੰਘ ਵਾਲਾ ਨੇ ਤਿੱਖੀ ਸੁਰ ਵਿੱਚ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋ ਕਾਂਗਰਸ ਪਾਰਟੀ ਨਾਲ ਖੜਦੇ ਰਹੇ ਹਨ ਪਰੰਤੂ ਹੁਣ ਸਰਕਾਰ ਆਉਣ ’ਤੇ ਉਹਨਾਂ ਨਾਲ ਜੱਗੋ ਤੇਰ੍ਹਵੀ ਹੋ ਰਹੀ ਹੈ। ਪਿਛਲੇ 40 ਸਾਲਾਂ ਤੋ ਕਾਂਗਰਸੀ ਪਿੰਡ ਘੁੰਮਣ ਖੁਰਦ ਦੇ ਸਾਬਕਾ ਸਰਪੰਚ ਕਰਮ ਸਿੰਘ ਨੇ ਵੀ ਮੁੱਖ ਮੰਤਰੀ ਨੂੰ ਕਿਹਾ ਕਿ ਪਿਛਲੇ ਚਾਲੀ ਸਾਲਾਂ ਤੋ ਪਾਰਟੀ ਨਾਲ ਖੜੇ ਹੋਣ ਦਾ ਨਤੀਜਾ ਇਹ ਹੈ ਕਿ ਉਹਨਾਂ ਕੋਲ ਪਾਰਟੀ ਦਾ ਕੋਈ ਵੀ ਅਹੁਦਾ ਨਹੀ। ਸਾਬਕਾ ਸਰਪੰਚ ਦੀ ਗੱਲ ਸੁਣ ਕੇ ਮੁੱਖ ਮੰਤਰੀ ਨੇ ਕਾਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਇਹਨਾਂ ਪੁਰਾਣੇ ਆਗੂਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਨਾ ਅਤੇ ਪੁਲੀਸ ਦੇ ਜਵਾਨਾਂ ਨੂੰ ਆਪਣੇ ਵੱਲੋ ਫਲਾਂ ਦੀਆਂ ਟੋਕਰੀਆਂ ਦੇ ਕੇ ਉਹਨਾਂ ਨੂੰ ਸੂਬੇ ਅੰਦਰ ਅਮਨ ਕਾਇਮ ਰੱਖਣ ਲਈ ਨਿਭਾਈਆਂ ਸੇਵਾਵਾਂ ਬਦਲੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕਲੇ ਇਕੱਲੇ ਜਵਾਨ ਨਾਲ ਗੱਲਬਾਤ ਕੀਤੀ । ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ , ਡੀ.ਜੀ.ਪੀ ਸ਼ੁਰੇਸ਼ ਅਰੋੜਾ , ਐਸ.ਟੀ.ਐਫ ਦੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ , ਹਲਕਾ ਰਾਮਪੁਰਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਕਾਂਗਰਸ ਦੇ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ , ਆਈ .ਜੀ ਮੁਖਵਿੰਦਰ ਸਿੰਘ ਛੀਨਾ , ਕਾਂਗਰਸ ਦੇ ਯੂਥ ਬਲਾਕ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ, ਸ਼ਹਿਰੀ ਪ੍ਰਧਾਨ ਤਰਸੇਮ ਚੰਦ , ਪਾਲ ਮਾਨ ਆਦਿ ਤੋ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਮੌਜੂਦ ਸਨ ।